Power crisis escalates : ਸੂਬੇ ‘ਚ ਕਿਸਾਨੀ ਅੰਦੋਲਨ ਕਾਰਨ ਮਾਲਗੱਡੀਆਂ ਨਹੀਂ ਚੱਲ ਰਹੀਆਂ ਹਨ। ਭਾਵੇਂ 21 ਅਕਤੂਬਰ ਤੋਂ ਮਾਲਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਇਸ ਤੋਂ ਬਾਅਦ ਕੇਂਦਰ ਨੇ ਪੰਜਾਬ ‘ਚ ਮਾਲਗੱਡੀਆਂ ਨੂੰ ਚਲਾਉਣ ਤੋਂ ਮਨ੍ਹਾ ਕਰ ਦਿੱਤਾ ਤੇ ਬਦਲਾਖੋਰ ਨੀਤੀ ‘ਤੇ ਉਤਾਰੂ ਹੋ ਗਿਆ। ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਪੰਜਾਬ ‘ਚ ਕੁਝ ਚੀਜ਼ਾਂ ਦਾ ਸੰਕਟ ਵੱਧਣ ਲੱਗਾ ਹੈ । ਮਾਲਗੱਡੀਆਂ ਨਾ ਚੱਲਣ ਕਾਰਨ ਪੰਜਾਬ ‘ਚ ਥਰਮਪਲ ਪਲਾਂਟ ਬੰਦ ਹੋਣ ਦੇ ਕਿਨਾਰੇ ‘ਤੇ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਾਹਮਣੇ ਇਥੇ ਨਿਯਮਿਤ ਬਿਜਲੀ ਸਪਲਾਈ ਦਾ ਸੰਕਟ ਹੈ, ਉਥੇ ਝੋਨੇ ਦੇ ਸੀਜ਼ਨ ਲਈ ਕੇਂਦਰੀ ਪੂਲ ਤੋਂ ਲਿਆਂਦੀ ਗਈ 1500 ਮੈਗਾਵਾਟ ਬਿਜਲੀ ਵਾਪਸ ਕਰਨ ਦੀ ਵੀ ਚੁਣੌਤੀ ਹੈ।
PSPCL ਦੇ ਚੇਅਰਮੈਨ ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚਰਚਾ ਕਰਨਗੇ ਕਿਉਂਕਿ ਜੇਕਰ ਕੋਇਲਾ ਨਹੀਂ ਆਇਆ ਤਾਂ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। PSPCL ਨੈਸ਼ਨਲ ਗਰਿੱਡ ਤੇ ਦੂਜੇ ਸੂਬਿਆਂ ਤੋਂ ਬਿਜਲੀ ਖਰੀਦ ਕੇ ਬਿਜਲੀ ਦੀ ਮੰਗ ਨੂੰ ਫਿਲਹਾਲ ਪੂਰਾ ਕਰ ਰਿਹਾ ਹੈ। ਇਸ ਲਈ ਐਡਵਾਂਸ ਪੇਮੈਂਟ ਦੇਣੀ ਹੁੰਦੀ ਹੈ। ਸਰਕਾਰ ਤੋਂ ਇਜਾਜ਼ਤ ਮੰਗੀ ਹੈ ਕਿ ਬੈਂਕਾਂ ਤੋਂ 300 ਕਰੋੜ ਰੁਪਏ ਦਾ ਕਰਜ਼ ਲੈਣ ਦੀ ਇਜਾਜ਼ਤ ਦਿੱਤੀ ਹੈ। ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਬਦਲੇ ਦੀ ਕਾਰਵਾਈ ਕਰ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਅੰਦੋਲਨ ਸ਼ੁਰੂ ਤੋਂ ਹੀ ਸ਼ਾਂਤਮਈ ਰਿਹਾ ਹੈ ਪਰ ਕੇਂਦਰ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਕੰਟਰੋਲ ਕਰਨ ਲਈ ਗਲਤ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵੱਖ-ਵੱਖ ਵਿਰੋਧੀ ਧਿਰਾਂ ਵੱਲੋਂ ਕੇਂਦਰ ਦੇ ਇਸ ਸਖਤ ਰਵੱਈਏ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਾਣਬੁਝ ਕੇ ਮਾਲਗੱਡੀਆਂ ਨੂੰ ਰੋਕਿਆ ਪਿਆ ਹੈ ਜਿਸ ਨਾਲ ਪੰਜਾਬ ‘ਚ ਪੂਰੀ ਇੰਡਸਟਰੀ ਪ੍ਰਭਾਵਿਤ ਹੋਈ ਹੈ। ਬਿਜਲੀ ਦਾ ਸੰਕਟ ਪੈਦਾ ਹੋ ਗਿਆ ਹੈ। ਪੂਰੇ ਮਾਮਲੇ ‘ਚ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੈ। ਪੰਜਾਬ ਦੇ ਹੱਕ ਦੀ ਆਵਾਜ਼ ਮੋਦੀ ਦੇ ਸਾਹਮਣੇ ਸੂਬਾ ਸਰਕਾਰ ਬੁਲੰਦ ਨਹੀਂ ਕਰ ਸਕੀ ਹੈ।