Fake policeman escapes : ਅੰਮ੍ਰਿਤਸਰ : ਜਿਲ੍ਹੇ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ। ਸ਼ਰੇਆਮ ਕ੍ਰਾਈਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਦੋਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੇ ਰਹਿਣ ਵਾਲੇ ਟਰੱਕ ਚਾਲਕ ਦੀ ਤਲਾਸ਼ੀ ਦੇ ਨਾਂ ‘ਤੇ ਇੱਕ ਪੁਲਿਸ ਕਰਮਚਾਰੀ ਨੇ ਸ਼ਨੀਵਾਰ ਨੂੰ ਉਸ ਤੋਂ 60,000 ਰੁਪਏ ਲੁੱਟ ਲਏ ਅਤੇ ਫਰਾਰ ਹੋ ਗਿਆ। ਘਟਨਾ ਮਕਬੂਲਪੁਰਾ ਪੁਲਿਸ ਨਾਕੇ ਦੇ ਕੋਲ ਹੈ। ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਅਣਪਛਾਤੇ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏ. ਡੀ. ਸੀ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਪੁਲਿਸ ਮੁਲਾਜ਼ਮ ਅਸਲੀ ਹੈ ਜਾਂ ਫਿਰ ਵਰਦੀ ਪਹਿਨੀ ਹੋਈ ਹੈ।
ਗੰਗਾਨਗਰ ਦੇ ਘਰਾਸਨ ਪਿੰਡ ਨਿਵਾਸੀ ਮੁਹੰਮਦ ਇਰਫਾਨ ਨੇ ਮਕਬੂਲਪੁਰਾ ਪੁਲਿਸ ਨੂੰ ਦੱਸਿਆ ਕਿ ਉਹ ਟਰੱਕ ਚਲਾਉਂਦੇ ਹਨ ਅਤੇ ਅਕਸਰ ਪੰਜਾਬ ਦੇ ਕਈ ਸ਼ਹਿਰਾਂ ‘ਚ ਸਾਮਾਨ ਲੈ ਕੇ ਆਉਂਦਾ ਹੈ। ਸ਼ੁੱਕਰਵਾਰ ਨੂੰ ਟਰੱਕ ਦਾ ਸਾਮਾਨ ਅੰਮ੍ਰਿਤਸਰ ਦੀ ਵੱਲਾ ਮੰਡੀ ‘ਚ ਉੁਤਾਰਨ ਤੋਂ ਬਾਅਦ ਸ਼ਨੀਵਾਰ ਦੀ ਦੁਪਹਿਰ ਉਹ ਟਰੱਕ ਲੈ ਕੇ ਵਾਪਸ ਪਰਤ ਰਿਹਾ ਸੀ ਕਿ ਰਸਤੇ ‘ਚ ਇੱਕ ਪੁਲਿਸ ਕਰਮਚਾਰੀ ਨੇ ਉਸ ਨੂੰ ਰੋਕ ਲਿਆ।
ਖਾਕੀ ਵਰਦੀਧਾਰੀ ਨੇ ਉਸ ਨੂੰ ਦੱਸਿਆ ਕਿ ਉਹ ਉਸ ਦੀ ਟਰੱਕ ਦੀ ਤਲਾਸ਼ੀ ਲੈਣਾ ਚਾਹੁੰਦਾ ਹੈ। ਦੇਖਦੇ ਹੀ ਦੇਖਦੇ ਪੁਲਿਸ ਦੀ ਵਰਦੀ ‘ਚ ਨੌਜਵਾਨ ਟਰੱਕ ਦੇ ਅੰਦਰ ਵੜ ਗਿਆ ਤੇ ਉਥੇ ਰੱਖੇ ਬੈਗ ਨੂੰ ਟਟੋਲਣ ਲੱਗਾ। ਬੈਗ ‘ਚ 60 ਹਜ਼ਾਰ ਰੁਪਏ ਤੇ ਜ਼ਰੂਰ ਸਾਮਾਨ ਰੱਖਿਆ ਹੋਇਆਸੀ। ਦੋਸ਼ੀ ਬੈਗ ਲੈ ਕੇ ਟਰੱਕ ਤੋਂ ਹੇਠਾਂ ਉਤਰਿਆ ਤੇ ਆਪਣੇ ਸਕੂਟਰ ‘ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਜਦੋਂ ਤੱਕ ਉਹ ਉਸ ਦਾ ਪਿੱਛਾ ਕਰਨਾ ਸ਼ੁਰੂ ਕਰਦੇ ਉਦੋਂ ਤੱਕ ਦੋਸ਼ੀ ਉਸ ਦੀਆਂ ਨਜ਼ਰਾਂ ਤੋਂ ਦੂਰ ਜਾ ਚੁੱਕਾ ਸੀ।ਇਸ ਤਰ੍ਹਾਂ ਪੁਲਿਸ ਦੀ ਵਰਦੀ ਪਾ ਕੇ ਉਕਤ ਵਿਅਕਤੀ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ।