Mata Tej Kaur : ਮਾਨਸਾ : ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੌਰਾਨ 20 ਦਿਨ ਪਹਿਲਾਂ ਕਿਸਾਨ ਮਾਤਾ ਤੇਜ ਦਾ ਦੇਹਾਂਤ ਹੋ ਗਿਆ ਸੀ ਤੇ ਕਿਸਾਨ ਮੁਆਵਜ਼ਾ ਦੀ ਮੰਗ ਲਈ ਅੜੇ ਹੋਏ ਸਨ। ਕਿਸਾਨਾਂ ਨੇ ਇੰਨੇ ਦਿਨਾਂ ਤੱਕ ਮਾਤਾ ਦਾ ਅੰਤਿਮ ਸਸਕਾਰ ਵੀ ਨਹੀਂ ਕੀਤਾ। ਐਤਵਾਰ ਨੂੰ ਕਿਸਾਨ ਸੰਗਠਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਰਮਿਆਨ ਮਸਝੌਤਾ ਹੋ ਗਿਆ ਹੈ। ਸਰਕਾਰ ਨੇ ਕਿਸਾਨ ਸੰਗਠਨ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਹਨ ਜਿਸ ‘ਤੇ ਕਿਸਾਨ ਸੰਗਠਨ ਨੇ ਆਪਣਾ ਰੋਸ ਧਰਨਾ ਤੇ ਘੇਰਾਓ ਅੱਜ ਤੋਂ ਖਤਮ ਕਰ ਦਿੱਤਾ ਹੈ। ਕੇਂਦਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ 9 ਅਕਤੂਬਰ ਨੂੰ ਬੁਢਲਾਡਾ ਦੇ ਰੇਲਵੇ ਸਟੇਸ਼ਨ ‘ਤੇ ਧਰਨੇ ‘ਚ ਮਾਤਾ ਤੇਜ ਕੌਰ ਦਾ ਰੇਲ ਪਟੜੀ ‘ਤੇ ਹੀ ਦੇਹਾਂਤ ਹੋ ਗਿਆ ਸੀ ਤੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ ਦਿਵਾਉਣ ਲਈ ਕਿਸਾਨ ਸੰਗਠਨ ਬੀ. ਕੇ. ਯੂ. ਏਕਤਾ ਉਗਰਾਹਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ।
ਕਿਸਾਨਾਂ ਨੇ ਡੀ. ਸੀ. ਮਾਨਸਾ ਦੇ ਦਫਤਰ ਤੇ ਰਿਹਾਇਸ਼ ਦਾ ਘਿਰਾਓ ਵੀ ਕੀਤਾ ਸੀ ਇਸ ਨੂੰ ਲੈ ਕੇ ਅੱਜ ਸਰਕਾਰ ਤੇ ਕਿਸਾਨਾਂ ਵਿੱਚ ਸਮਝੌਤਾ ਹੋ ਗਿਆ ਹੈ ਤੇ ਘੇਰਾਓ ਖਤਮ ਕਰ ਦਿੱਤਾ ਗਿਆ। ਹਾਲਾਂਕਿ ਖੇਤੀ ਕਾਨੂੰਨਾਂ ਖਿਲਾਫ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੱਲ੍ਹ ਰਾਤ SSP ਮਾਨਸਾ ਤੇ ਕਿਸਾਨਾਂ ਦੀ ਗੱਲਬਾਤ ਹੋਈ ਜਿਸ ‘ਚ ਜਿਲ੍ਹਾ ਪ੍ਰਧਾਨ ਰਾਮ ਸਿੰਘ, ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੋਮਾਣਾ, ਮਾਤਾ ਤੇਜ ਕੌਰ ਦੇ ਬੇਟੇ ਬਾਬੂ ਸਿੰਘ ਤੇ ਮਿੱਠੂ ਸਿੰਘ ਸ਼ਾਮਲ ਹੋਏ। ਪੁਲਿਸ ਵੱਲੋਂ ਡੀ. ਐੱਸ. ਪੀ. ਗੁਰਮੀਤ ਸਿੰਘ ਸ਼ਾਮਲ ਹੋਏ ਜਿਸ ਵਿਚ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਤੈਅ ਹੋਇਆ ਜਿਸ ‘ਚੋਂ 5 ਲੱਖ ਰੁਪਏ ਚੈੱਕਾਂ ਦੁਆਰਾ ਮਾਤਾ ਦੇ ਭੋਗ ਸਮਾਗਮ ‘ਤੇ ਤੇ 5 ਲੱਖ ਨਕਦ ਦਿੱਤੇ ਜਾਣੇ ਹਨ।
ਕਿਸਾਨ ਨੇਤਾ ਨੇ ਦੱਸਿਆ ਕਿ ਸਮਝੌਤੇ ਅਧੀਨ ਮਾਨਸਾ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਅੱਜ ਸਵੇਰੇ ਕਿਸਾਨਾਂ ਦੇ ਧਰਨੇ ‘ਚ ਆ ਕੇ 3 ਲੱਖ ਰੁਪਏ ਦਾ ਚੈੱਕ ਤੇ 2 ਲੱਖ ਰੁਪਏ ਨਕਦ ਮਾਤਾ ਦੇ ਬੇਟੇ ਮਿੱਠੂ ਸਿੰਘ ਨੂੰ ਦਿੱਤੇ। ਬਾਕੀ ਰਕਮ ਭੋਗ ਸਮਾਗਮ ‘ਤੇ ਪਰਿਵਾਰ ਨੂੰ ਦਿੱਤੇ ਜਾਣਗੇ। ਪਰਿਵਾਰ ਦੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇ ਪਰਿਵਾਰ ਦਾ ਕਰਜ਼ ਮੁਆਫ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ।