Farmers’ organizations protest : ਸੰਗਰੂਰ : ਅੱਜ 34ਵੇਂ ਦਿਨ ਵੀ ਪੰਜਾਬ ਦੀਆਂ ਲਗਭਗ 30 ਕਿਸਾਨਾਂ ਜਥੇਬੰਦੀਆਂ ਵੱਲੋਂ ਵੱਖ-ਵੱਖ ਰੇਲ ਟਰੈਕਾਂ, ਟੋਲ ਪਲਾਜ਼ਾ, ਰਿਲਾਇੰਸ ਪੰਪਾਂ ‘ਤੇ ਦਿੱਤੇ ਜਾ ਰਹੇ ਰੋਸ ਪ੍ਰਦਰਸ਼ਨ ਕੀਤੇ ਗਏ। ਜਿਸ ਤੋਂ ਹੁਣ ਭਾਜਪਾ ਆਗੂ ਵੀ ਡਰ ਗਏ ਹਨ ਅਤੇ ਉਨ੍ਹਾਂ ਸਾਹਮਣੇ ਨਹੀਂ ਆ ਰਹੇ। ਕੱਲ੍ਹ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦਾ ਐਲਾਨ ਕੀਤਾ ਗਿਆ ਹੈ ਜਿਥੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਸਬੰਧੀ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੱਜ ਰਾਸ਼ਟਰਪਤੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਇਨਕਾਰ ਕਰਨ ‘ਤੇ ਵੀ ਕਿਸਾਨ ਜਥੇਬੰਦੀਆਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਰਾਸ਼ਟਰਪਤੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਇਨਕਾਰ ਕਰਨ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕੇਂਦਰ ਸਰਕਾਰ ਕਿਸੇ ਵੀ ਹਾਲਤ ‘ਚ ਕਿਸਾਨਾਂ ਦੀ ਗੱਲ ਨਹੀਂ ਸੁਣਨਾ ਚਾਹੁੰਦੀ ਤੇ ਨਾ ਹੀ ਉਨ੍ਹਾਂ ਦੇ ਦੁੱਖ-ਦਰਦ ਨੂੰ ਸਮਝਦੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਵਿਖੇ 26 ਤੇ 27 ਨਵੰਬਰ ਨੂੰ 346 ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ ਵਿਸ਼ਾਲ ਇਕੱਠ ਲਈ ਦਿੱਲੀ ਮਿਊਂਸਪਲ ਕਾਰਪੋਰਸ਼ਨ ਵੱਲੋਂ ਇਜਾਜ਼ਤ ਮਿਲ ਗਈ ਹੈ। ਇਸ ਤੋਂ ਇਲਾਵਾ 5 ਨਵੰਬਰ ਨੂੰ ਪੂਰੇ ਦੇਸ਼ ਭਰ ‘ਚ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨਾਂ ਦੇ ਇਸ ਸੰਘਰਸ਼ ‘ਚ ਸਿਰਫ ਪੰਜਾਬ ਤੇ ਹਰਿਆਣੇ ਦੇ ਕਿਸਾਨ ਹੀ ਸ਼ਾਮਲ ਨਹੀਂ ਹਨ ਸਗੋਂ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।