Two masked thugs : ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ‘ਚ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਮੰਗਲਵਾਰ ਰਾਤ ਨੂੰ ਵਾਪਰੀ ਜਦੋਂ ਦੋ ਨਕਾਬਪੋਸ਼ ਬਦਮਾਸ਼ ਇੱਕ ਦੁਕਾਨ ‘ਚ ਵੜ ਗਏ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ਦਾ ਮੁਆਇਨਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਥੇ ਸ਼ੁਰੂਆਤੀ ਜਾਂਚ ‘ਚ ਦੇਖਿਆ ਕਿ ਇਹ ਘਟਨਾ ਦੁਕਾਨ ਦੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਹੈ। ਘਟਨਾ ਟਾਂਡਾ ਉੜਮੁੜ ‘ਚ ਹਾਈਵੇ ‘ਤੇ ਸਥਿਤ ਅੱਡਾ ਖੱਡਾ ਦੀ ਹੈ। ਦੇਰ ਸ਼ਾਮ ਲਗਭਗ ਸਾਢੇ 6 ਵਜੇ ਅਰੋੜਾ ਇੰਟਰਪ੍ਰਾਈਜਿਜ਼ ‘ਚ ਮੋਟਰਸਾਈਕਲ ‘ਤੇ ਆਏ ਦੋ ਨਕਾਬਪੋਸ਼ ਨੌਜਵਾਨ ਵੜ ਗਏ। ਉਨ੍ਹਾਂ ਨੇ ਆਉਂਦੇ ਹੀ ਮਾਲਕ ਨਵਜੋਤ ਸਿੰਘ ਜੋਤੀ ਪੁੱਤਰ ਸਵ. ਬਲਵਿੰਦਰ ਸਿੰਘ ਦੀ ਪਿਸਤੌਲ ਦਾ ਡਰ ਦਿੰਦੇ ਹੋਏ ਨਕਦੀ ਕੱਢਣ ਨੂੰ ਕਿਹਾ। ਦੁਕਾਨਦਾਰ ਦੇ ਵਿਰੋਧ ਕਰਨ ‘ਤੇ ਉਨ੍ਹਾਂ ਨੇ ਦੁਕਾਨ ਦੀ ਛੱਤ ਵੱਲ 2 ਫਾਇਰ ਕਰ ਦਿੱਤੇ। ਇਸ ਤੋਂ ਬਾਅਦ ਦੁਕਾਨਦਾਰ ਨੇ ਡਰਦੇ ਹੋਏ ਗੋਲਕ ‘ਚ ਮੌਜੂਦ ਨਕਦੀ ਕੱਢ ਕੇ ਲੁਟੇਰਿਆਂ ਨੂੰ ਦੇ ਦਿੱਤੀ।
ਲਗਭਗ ਡੇਢ ਲੱਖ ਰੁਪਏ ਦੀ ਨਕਦੀ ਲੈ ਕੇ ਬਦਮਾਸ਼ ਟਾਂਡਾ ਵੱਲ ਫਰਾਰ ਹੋ ਗਏ। ਘਟਨਾ ਤੋਂ ਬਾਅਦ ਦੁਕਾਨਦਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਟਾਂਡਾ ਦੇ ਡੀ. ਐੱਸ. ਪੀ. ਦਲਜੀਤ ਸਿੰਘ ਖੱਖ ਅਤੇ ਦਸੂਹਾ ਦੇ ਡੀ. ਐੱਸ. ਪੀ. ਮਨੀਸ਼ ਕੁਮਾਰ ਖੁਦ ਮੌਕੇ ‘ਤੇ ਪੁੱਜੇ। ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ ‘ਚ ਘਟਨਾ ਸੀ. ਸੀ. ਟੀ.ਵੀ. ਕੈਮਰੇ ‘ਚ ਕੈਦ ਹੋਈ ਮਿਲੀ ਹੈ। ਬਦਮਾਸ਼ਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ ਜਿਸ ਕਾਰਨ ਪਛਾਣ ਥੋੜ੍ਹੀ ਮੁਸ਼ਕਲ ਹੈ। ਫਿਲਹਾਲ ਸੀ. ਸੀ. ਟੀ. ਵੀ. ਫੁਟੇਜ ਨੂੰ ਜਾਂਚ ਦਾ ਹਿੱਸਾ ਬਣਾਉਂਦੇ ਹੋਏ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਟਾਂਡਾ ਵਿਖੇ ਪਿਛਲੇ ਕੁਝ ਸਮੇਂ ਤੋਂ ਲੁੱਟ ਦੀਆਂ ਵਾਰਦਾਤਾਂ ਕਾਫੀ ਵਧੀਆਂ ਹਨ ਤੇ ਬਦਮਾਸ਼ਾਂ ਦੇ ਹੌਸਲੇ ਬੁਲੰਦੇ ਹੋਏ ਹਨ, ਜਿਸ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ।