The brother fired : ਮਮਦੋਟ : ਪਿੰਡ ਖੁੰਦਰ ਹਿਠਾੜ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਵੱਡੇ ਭਰਾ ਨੇ ਛੋਟੇ ਭਰਾ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਪਰ ਖੁਸ਼ਕਿਸਮਤੀ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਉਧਰ ਥਾਣਾ ਮਮਦੋਟ ਦੀ ਪੁਲਸ ਨੇ ਮਹਿਲਾ ਸਰਪੰਚ, ਉਸਦੇ ਪਤੀ ਅਤੇ ਪੁੱਤਰ ਸਮੇਤ ਕੁੱਲ 4 ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਥਾਣਾ ਮਮਦੋਟ ਨੂੰ ਦਿੱਤੇ ਬਿਆਨਾਂ ਵਿਚ ਮੁਦਈ ਸਰਬਜੀਤ ਸਿੰਘ ਪੁੱਤਰ ਦਲੀਪ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਖੁੰਦਰ ਹਿਠਾੜ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਉਹ ਆਪਣੇ ਪਿਤਾ ਦਲੀਪ ਸਿੰਘ ਨਾਲ ਰਲ ਕੇ ਘਰ ਦੇ ਗੇਟ ਅੱਗੇ ਟਰੈਕਟਰ ‘ਚ ਕਣਕ ਦੀ ਬਿਜਾਈ ਵਾਸਤੇ ਤਿਆਰੀ ਰਹੇ ਸੀ ਤਾਂ ਉਸ ਦੇ ਤਾਏ ਜੈਲ ਸਿੰਘ, ਤਾਈ ਸਰਪੰਚ ਛਿੰਦਰ ਕੌਰ, ਪੁੱਤਰ ਅਤੇ ਤਾਏ ਨਾਲ ਰਲ ਕੇ ਗਾਲੀ ਗਲੋਚ ਕਰਦਿਆਂ ਲਲਕਾਰੇ ਮਾਰਦਿਆਂ ਵਿਵਾਦ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਦੇ ਪੁਤਰ ਬਲਜਿੰਦਰ ਸਿੰਘ ਨੇ ਆਪਣੇ ਦਸਤੀ ਰਿਵਾਲਵਰ ਨਾਲ ਮਾਰ ਦੇਣ ਦੀ ਨੀਯਤ ਤਹਿਤ ਉਨ੍ਹਾਂ ਵੱਲ ਸਿੱਧੇ ਫਾਇਰ ਕਰ ਦਿੱਤੇ।
ਮਾਮਲੇ ਦੀ ਤਫਤੀਸ਼ ਕਰ ਰਹੇ ਏ ਐਸ ਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ‘ਚ ਜੈਲ ਸਿੰਘ ਪੁੱਤਰ ਨਿਹਾਲ ਸਿੰਘ, ਤਰਲੋਕ ਸਿੰਘ ਪੁੱਤਰ ਨਿਹਾਲ ਸਿੰਘ, ਛਿੰਦਰ ਕੌਰ ਸਰਪੰਚ ਪਤਨੀ ਜੈਲ ਸਿੰਘ ਅਤੇ ਬਲਜਿੰਦਰ ਸਿੰਘ ਪੁੱਤਰ ਜੈਲ ਸਿੰਘ ਵਾਸੀਆਨ ਖੁੰਦਰ ਹਿਠਾੜ ਖਿਲਾਫ ਆਈ ਪੀ ਸੀ ਦੀ ਧਾਰਾ 307,506,34 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਕਾਰਨ ਭਰਾ ਹੀ ਭਰਾ ਦਾ ਦੁਸ਼ਮਣ ਬਣ ਗਿਆ ਤੇ ਗੱਲ ਇੰਨੀ ਵੱਧ ਗਈ ਕਿ ਗੋਲੀਆਂ ਚਲਾਉਣ ਤੱਕ ਦੀ ਨੌਬਤ ਆ ਗਈ।