People of Faridkot : ਫਰੀਦਕੋਟ : ਮੁੱਖ ਸਕੱਤਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਵਿਨੀ ਮਹਾਜਨ ਪਹਿਲੀ ਵਾਰ ਫਰੀਦਕੋਟ ਵਿਖੇ ਅੱਜ ਦੁਪਿਹਰ ਨੂੰ ਪੁੱਜ ਰਹੀ ਹੈ। ਸਰਕਾਰੀ ਸਿਸਟਮ ਦੀ ਤਰ੍ਹਾਂ ਹੀ ਫਰੀਦਕੋਟ ਦੇ ਲੋਕ ਵੀ ਉਨ੍ਹਾਂ ਦਾ ਦਿਲ ਨਾਲ ਸਵਾਗਤ ਕਰਨਾ ਚਾਹੁੰਦੇ ਹਨ ਪਰ ਸਮੱਸਿਆਵਾਂ ਦੀ ਘਾਟ ਨਾਲ ਜੂਝ ਰਹੇ ਲੋਕ ਉਨ੍ਹਾਂ ਦਾ ਸਵਾਗਤ ਕਿਵੇਂ ਕਰਨ। ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਜਿਲ੍ਹੇ ਦੇ ਤਿੰਨ ਵੱਡੇ ਸ਼ਹਿਰਾਂ (ਫਰੀਦੋਕਟ, ਕੋਟਕਪੂਰਾ ਤੇ ਜੈਤੋ) ‘ਚ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਕਿ ਮੌਜੂਦਾ ਸਰਕਾਰ ਦੇ ਵਾਅਦਿਆਂ ਤੋਂ ਬਾਅਦ ਵੀ ਪੂਰਾ ਨਹੀਂ ਹੋ ਸਕਿਆ ਹੈ। ਸ਼ਹਿਰਾਂ ਦੀਆਂ ਗਲੀਆਂ ਤੇ ਸੜਕਾਂ ਪਿੰਡਾਂ ਤੋਂ ਵੀ ਬਦਤਰ ਹਾਲਤ ‘ਚ ਹਨ। ਇਥੇ ਰਹਿਣ ਵਾਲੇ ਸ਼ਹਿਰ ਵਾਸੀਆਂ ਨੂੰ ਥੋੜ੍ਹੀ ਜਿਹੇ ਵੀ ਮੀਂਹ ਪੈਣ ਨਾਲ ਚਿੱਕੜ ਤੇ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਅਜਿਹੇ ‘ਚ ਤਿੰਨੋਂ ਸ਼ਹਿਰਾਂ ਦੇ ਲੋਕ ਮੁੱਖ ਸਕੱਤਰ ਦਾ ਸਵਾਗਤ ਤਾਂ ਕਰਨਾ ਚਾਹੁੰਦੇ ਹਨ ਪਰ ਸਮੱਸਿਆਵਾਂ ਨੂੰ ਦੇਖ ਕੇ ਸਵਾਗਤ ਕਰਨ ‘ਚ ਅਸਮਰੱਥ ਹਨ।
ਸੂਬਾ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਫਰੀਦਕੋਟ ਮੈਡੀਕਲ ਕਾਲਜ ਦੇ ਹਸਪਤਾਲ ‘ਚ ਦੇਖੀ ਜਾ ਸਕਦੀ ਹੈ। ਇਥੇ ਫਰੀਦਕੋਟ ਹੀ ਨਹੀਂ ਮਾਲਵਾ ਦੇ ਜਿਲ੍ਹਿਆਂ ਦੇ ਨਾਲ ਹੀ ਰਾਜਸਥਾਨ ਤੇ ਹਰਿਆਣਾ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਲਾਜ ਲਈ ਆਉਂਦੇ ਹਨ ਪਰ ਪੈਸੇ ਦੀ ਕਮੀ ਨਾਲ ਜੂਝ ਰਿਹਾ ਮੈਡੀਕਲ ਕਾਲਜ ਪ੍ਰਸ਼ਾਸਨ ਹਸਪਤਾਲ ‘ਚ ਉਹ ਸਹੂਲਤ ਤੇ ਸੇਵਾ ਲੋਕਾਂ ਨੂੰ ਉਪਲਬਧ ਨਹੀਂ ਕਰਵਾ ਸਕਿਆ ਜਿਵੇਂ ਲੋਕ ਚਾਹੁੰਦੇ ਹਨ। ਨੌਜਵਾਨ ਬੇਰੋਜ਼ਗਾਰੀ ਵਰਗੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਕਿਸਾਨ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਜਿਲ੍ਹੇ ਦੇ ਕਿਸਾਨਾਂ ਨੂੰ ਸਰਕਾਰੀ ਮਸ਼ੀਨਰੀ ਆਜ਼ਾਦੀ ਨਾਲ ਲੈ ਕੇ ਹੁਣ ਤੱਕ ਅਜਿਹਾ ਕੋਈ ਸਾਧਨ ਨਹੀਂ ਦੇ ਸਕੀ ਜਿਸ ਨਾਲ ਕਿਸਾਨ ਕਣਕ, ਝੋਨੇ ਦੇ ਫਸਲ ਦੇ ਚੱਕਰ ਤੋਂ ਬਾਹਰ ਨਿਕਲ ਸਕੇ। ਜਿਲ੍ਹੇ ਦੇ ਸਾਰੇ ਸ਼ਹਿਰਾਂ ‘ਚ ਗੰਦਗੀ ਤੇ ਪੀਣ ਵਾਲੇ ਸਾਫ ਪਾਣੀ ਦੀ ਗੰਭੀਰ ਸਮੱਸਿਆ ਹੈ। ਜ਼ਮੀਨੀ ਪਾਣੀ ‘ਚ ਭਾਰੀ ਧਾਤੂਆਂ ਦੀ ਮੌਜੂਦਗੀ ਨਾਲ ਕੈਂਸਰ ਵਰਗੀ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਅਜਿਹੇ ‘ਚ ਜਿਲ੍ਹੇ ਦੇ ਲੋਕ ਸੂਬਾ ਸਰਕਾਰ ਤੋਂ ਸ਼ੁੱਧ ਪੀਣ ਵਾਲੇ ਪਾਣੀ ਦੀ ਆਸ ਲਗਾਏ ਬੈਠੇ ਹਨ ਪਰ ਉਹ ਵੀ ਸਰਕਾਰ ਦੇਣ ‘ਚ ਅਸਫਲ ਰਹੀ ਹੈ।