From Jalandhar Daily Flights : ਜਲੰਧਰ : ਹੁਣ ਮੁੰਬਈ ਦੇ ਸਮੁੰਦਰੀ ਕੰਢੇ ਅਤੇ ਮਾਇਆਨਗਰੀ ਦਾ ਨਜ਼ਾਰਾ ਸਿਰਫ ਤਿੰਨ ਘੰਟੇ ਵਿੱਚ ਦੇਖਿਆ ਜਾ ਸਕੇਗਾ। ਸਪਾਈਸਜੈੱਟ ਏਅਰਲਾਈਨਸ ਵੱਲੋਂ ਆਦਮਪੁਰ ਸਿਵਲ ਏਅਰਪੋਰਟ ਤੋਂ ਮੁੰਬਈ ਲਈ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ, ਜੋਕਿ ਰੋਜ਼ਾਨਾ ਉਡਾਨ ਭਰੇਗੀ। ਉਥੇ ਹੀ ਕੌਮੀ ਰਾਜਧਾਨੀ ਦਿੱਲੀ ਅਤੇ ਜੈਪੁਰ ਦੇ ਲਈ ਵੀ ਫਲਾਈਟ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਦੋਆਬਾ ਦੇ ਲੋਕਾਂ ਨੂੰ ਵਿੰਟਰ ਸ਼ੈਡਿਊਲ ਅਧੀਨ ਫਲਾਈਟਾਂ ਦਾ ਤੋਹਫਾ ਮਿਲਿਆ ਹੈ, ਹੁਣ ਹਫਤੇ ਵਿੱਚ ਤਿੰਨ-ਤਿੰਨ ਦਿਨ ਇਨ੍ਹਾਂ ਸ਼ਹਿਰਾਂ ਲਈ ਆਦਮਪੁਰ ਏਅਰਪੋਰਟ ਤੋਂ ਇਨ੍ਹਾਂ ਸ਼ਹਿਰਾਂ ਦੇ ਵਾਸਤੇ ਉਡਾਨ ਭਰੀ ਜਾਵੇਗੀ।
ਦੱਸਣਯੋਗ ਹੈ ਕਿ ਸਪਾਈਸਜੈੱਟ ਏਅਰ ਲਾਈਨ ਦੁਆਰਾ ਆਦਮਪੁਰ ਤੋਂ ਮੁੰਬਈ ਲਈ ਰੋਜ਼ਾਨਾ ਅਤੇ ਹਫਤੇ ਵਿੱਚ 3 ਦਿਨ ਦਿੱਲੀ ਅਤੇ 3 ਦਿਨ ਜੈਪੁਰ ਲਈ ਉਡਾਣਾਂ ਦਾ ਸੰਚਾਲਨ ਜਾਰੀ ਕੀਤਾ ਗਿਆ ਹੈ। ਆਦਮਪੁਰ ਤੋਂ ਦਿੱਲੀ ਲਈ ਉਡਾਣ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਉਡਾਣ ਭਰੇਗੀ। ਫਲਾਈਟ ਆਦਮਪੁਰ-ਜੈਪੁਰ ਦੇ ਵਿਚਕਾਰ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਚੱਲੇਗੀ। ਸਰਦੀਆਂ ਦਾ ਕਾਰਜਕਾਲ 20 ਨਵੰਬਰ ਤੋਂ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਹ 27 ਮਾਰਚ ਤੱਕ ਜਾਰੀ ਰਹੇਗਾ ਅਤੇ ਇਸੇ ਵਿੰਟਰ ਸ਼ੈਡਿਊਲ ਵਿਚ ਆਦਮਪੁਰ ਤੋਂ ਤਿੰਨ ਉਡਾਣਾਂ ਸੰਚਾਲਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਤਿੰਨੋਂ ਉਡਾਣਾਂ ਪ੍ਰਾਈਵੇਟ ਏਅਰਲਾਈਨਾਂ ਸਪਾਈਸਜੈੱਟ ਦੁਆਰਾ ਸੰਚਾਲਿਤ ਕੀਤੀਆਂ ਜਾਣਗੀਆਂ ਅਤੇ ਬੰਬਾਰਡੀਅਰ ਡੈਸ਼ 8 ਕਿਊ 400 ਜਹਾਜ਼ ਤਿੰਨੋਂ ਸੈਕਟਰਾਂ ਵਿਚ ਕੰਮ ਕਰਨਗੇ। 72 ਸੀਟਾਂ ਦੀ ਸਮਰੱਥਾ ਵਾਲਾ ਇਹ ਜਹਾਜ਼ ਇਸ ਸਮੇਂ ਆਦਮਪੁਰ-ਦਿੱਲੀ ਸੈਕਟਰ ਵਿੱਚ ਵੀ ਚਲਾਇਆ ਜਾ ਰਿਹਾ ਹੈ।
ਆਦਮਪੁਰ ਸਿਵਲ ਹਵਾਈ ਅੱਡੇ ਨੂੰ ਭੇਜੇ ਗਏ ਕਾਰਜਕ੍ਰਮ ਅਨੁਸਾਰ ਮੁੰਬਈ ਤੋਂ ਆਉਣ ਵਾਲੀਆਂ ਉਡਾਣਾਂ ਰੋਜ਼ਾਨਾ ਦੁਪਹਿਰ 1:30 ਵਜੇ ਆਦਮਪੁਰ ਵਿਚ ਉਤਰਣਗੀਆਂ ਅਤੇ ਦੁਪਹਿਰ 2:05 ਵਜੇ ਮੁੰਬਈ ਲਈ ਰਵਾਨਾ ਹੋਣਗੀਆਂ। ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ, ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ ਸਵੇਰੇ 10:30 ਵਜੇ ਆਦਮਪੁਰ ਵਿਖੇ ਉਤਰਣਗੀਆਂ ਅਤੇ ਸਵੇਰੇ 11 ਵਜੇ ਵਾਪਸ ਦਿੱਲੀ ਲਈ ਉਡਾਣ ਭਰਨਗੀਆਂ। ਇਸੇ ਤਰ੍ਹਾਂ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਜੈਪੁਰ ਤੋਂ ਆਉਣ ਵਾਲੀ ਫਲਾਈਟ ਸਵੇਰੇ 8:30 ਵਜੇ ਆਦਮਪੁਰ ਵਿਖੇ ਉਤਰੇਗੀ ਅਤੇ ਸਵੇਰੇ 9:05 ਵਜੇ ਜੈਪੁਰ ਲਈ ਵਾਪਸ ਉਡਾਣ ਭਰੇਗੀ।