Gangster Dilpreet Baba : ਚੰਡੀਗੜ੍ਹ : ਸੋਪੂ ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੀ ਮੌਤ ਦੇ ਦੋਸ਼ੀ ਗੈਂਗਸਟਰ ਦਿਲਪ੍ਰੀਤ ਬਾਵਾ ਨੂੰ ਅੱਜ ਚੰਡੀਗੜ੍ਹ ਪੁਲਿਸ ਵੱਲੋਂ ਇੰਡਸਟਰੀਅਲ ਏਰੀਆ ਦੇ ਥਾਣੇ ‘ਚ ਲਿਆਂਦਾ ਗਿਆ ਜੋ ਕਿ ਨਾਭਾ ਜੇਲ੍ਹ ‘ਚ ਬੰਦ ਸੀ। ਦਿਲਪ੍ਰੀਤ ਨੂੰ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆਂਦਾ ਗਿਆ ਹੈ। ਥਾਣੇ ਵਿਖੇ ਸਕਿਓਰਿਟੀ ਵਧਾ ਦਿੱਤੀ ਗਈ ਹੈ ਕਿਉਂਕਿ ਗੈਂਗਸਟਰ ਦਿਲਪ੍ਰੀਤ ਬਾਵਾ ਨੂੰ ਇਥੇ ਲਿਆਂਦੇ ਜਾਣਾ ਸੀ। ਆਸ-ਪਾਸ ਦੇ ਲੋਕਾਂ ਵੱਲ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਦੋਸ਼ੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਉਸ ਨੇ ਗੁਰਲਾਲ ਬਰਾੜ ਦਾ ਕਤਲ ਕਰਵਾਉਣ ਵਾਸਤੇ ਸ਼ੂਟਰ ਕਿਥੋਂ ਉਪਲਬਧ ਕਰਵਾਏ ਸਨ ਜਾਂ ਇਸ ਕਤਲ ‘ਚ ਉਸ ਦਾ ਕਿੰਨਾ ਕੁ ਹੱਥ ਹੈ। ਚੰਡੀਗੜ੍ਹ ਪੁਲਿਸ ਵੱਲੋਂ ਸੁਰੱਖਿਆ ਲਈ ਕਮਾਂਡੋ ਲਗਾਏ ਗਏ ਹਨ ਤੇ ਬੈਰੀਕੇਡਿੰਗ ਵੀ ਕੀਤੀ ਗਈ ਹੈ।
ਇਥੇ ਇਹ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਇੱਕ ਕਲੱਬ ਬਾਹਰ ਪੰਜਾਬ ਯੂਨੀਵਰਿਸਟੀ (ਸੋਪੂ) ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬਰਾੜ ਨੂੰ ਕਾਰ ਅੰਦਰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ, ਜਦੋਂ ਉਹ ਗੱਡੀ ‘ਚ ਬੈਠ ਕੇ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ। ਗੁਰਲਾਲ ਬਰਾੜ ਇਕ ਕਲੱਬ ‘ਚ ਕਿਸੇ ਜਾਣਕਾਰ ਦੀ ਜਨਮਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਲਈ ਆਇਆ ਸੀ। ਇਸ ਦੌਰਾਨ ਜਦੋਂ ਕਲੱਬ ਦੇ ਬਾਹਰ ਖੜ੍ਹੇ ਹੋ ਕੇ ਉਹ ਕਿਸੇ ਦੀ ਉਡੀਕ ਕਰ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਇਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਜਾਂਚ ਕੀਤੀ ਗਈ ਤੇ ਇਸ ਤੋਂ ਬਾਅਦ ਉਨ੍ਹਾਂ 3 ਬਾਈਕ ਸਵਾਰਾਂ ਨੂੰ ਫੜਿਆ ਗਿਆ ਜਿਨ੍ਹਾਂ ਨੇ ਗੁਰਲਾਲ ‘ਤੇ ਗੋਲੀਆਂ ਚਲਾਈਆਂ ਸਨ। ਜਿਸ ਤੋਂ ਬਾਅਦ ਇਹ ਤੱਥ ਸਾਹਮਣੇ ਆਇਆ ਕਿ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਨਾਭਾ ਜੇਲ੍ਹ ਦੇ ਅੰਦਰ ਹੀ ਯੋਜਨਾ ਬਣਾ ਕੇ ਗੁਰਲਾਲ ਬਰਾੜ ਦੇ ਕਤਲ ਲਈ ਸ਼ੂਟਰ ਉਪਲਬਧ ਕਰਵਾਏ ਸਨ, ਜਿਸ ਤੋਂ ਬਾਅਦ ਲਗਾਤਾਰ ਦਿਲਪ੍ਰੀਤ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਇਸੇ ਅਧੀਨ ਜਾਂਚ ਲਈ ਅੱਜ ਚੰਡੀਗੜ੍ਹ ਪੁਲਿਸ ਵੱਲੋਂ ਪੇਸ਼ੀ ਲਈ ਲਿਆਂਦਾ ਗਿਆ ਜਿਥੇ ਸਖਤ ਸੁਰੱਖਿਆ ਅਧੀਨ ਉਸ ਤੋਂ ਕੇਸ ਬਾਰੇ ਪੁੱਛਿਆ ਜਾ ਰਿਹਾ ਹੈ।