Straw burning cases : ਜਲੰਧਰ : ਪਰਾਲੀ ਸਾੜਨ ਨਾਲ ਇੱਕ ਤਾਂ ਪ੍ਰਦੂਸ਼ਣ ਵੱਧਦਾ ਹੈ ਤੇ ਦੂਜੇ ਪਾਸੇ ਲੋਕਾਂ ਦੀ ਸਿਹਤ ‘ਤੇ ਵੀ ਇਸ ਦਾ ਬੁਰਾ ਅਸਰ ਪੈਂਦਾ ਹੈ ਪਰ ਇਸ ਦੇ ਬਾਵਜੂਦ ਪੰਜਾਬ ‘ਚ ਪਰਾਲੀ ਸਾੜਨ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਸ਼ਨੀਵਾਰ ਨੂੰ ਪੰਜਾਬ ‘ਚ 6318 ਥਾਵਾਂ ‘ਤੇ ਪਰਾਲੀ ਸਾੜੀ ਗਈ। ਇਨ੍ਹਾਂ ‘ਚੋਂ ਸਭ ਤੋਂ ਵੱਧ 952 ਘਟਨਾਵਾਂ ਸੰਗਰੂਰ ਜਿਲ੍ਹੇ ‘ਚ ਹੋਈਆਂ। ਸੰਗਰੂਰ ਖੇਤੀ ਸੁਧਾਰ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਵਿਰੋਧ ਦਾ ਕੇਂਦਰ ਬਣਿਆ ਹੋਇਆ ਹੈ। ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਮੁਤਾਬਕ 21 ਸਤੰਬਰ ਤੋਂ ਹੁਣ ਤੱਕ ਸੂਬੇ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ 59,288 ਤੱਕ ਪੁੱਜ ਗਈ ਹੈ। ਇਨ੍ਹਾਂ ‘ਚੋਂ 22,000 ਤੋਂ ਵੱਧ ਘਟਨਾਵਾਂ 2 ਨਵੰਬਰ ਤੋਂ ਬਾਅਦ ਸਾਹਮਣੇ ਆਈਆਂ ਹਨ। 2018 ‘ਚ ਸੂਬੇ ‘ਚ 37,777 ਘਟਨਾਵਾਂ, 2018 ‘ਚ 33,687 ਤੇ 2019 ‘ਚ 45,114 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਸਨ।
ਬਠਿੰਡਾ ‘ਚ ਸ਼ਨੀਵਾਰ ਨੂੰ 831, ਮੋਗਾ ‘ਚ 755, ਮੁਕਤਸਰ ‘ਚ 540 ਤੇ ਬਰਨਾਲਾ ‘ਚ 519 ਮਾਮਲੇ ਸਾਹਮਣੇ ਆਏ। ਮੋਹਾਲੀ ‘ਚ ਸਭ ਤੋਂ ਘੱਟ ਦੋ ਥਾਵਾਂ ‘ਤੇ ਪਰਾਲੀ ਸਾੜੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧ ਲਈ ਕੰਬਾਈਨ ਹਾਰਵੈਸਟਰ, ਸੁਪਰ ਸੀਡਰਸ, ਰੋਟਾਵੇਟਰ, ਸੁਪਰ ਸਟ੍ਰਾਅ ਮੈਨੇਜਮੈਂਟ ਸਿਸਟਮ ਜਿਹੀਆਂ ਮਸ਼ੀਨਰੀ ਖਰੀਦਣਾ ਉਨ੍ਹਾਂ ਲਈ ਆਰਥਿਕ ਤੌਰ ‘ਤੇ ਬਹੁਤ ਮਹਿੰਗਾ ਸੌਦਾ ਹੈ। ਕਿਸਾਨ ਅਨਾਜ ‘ਤੇ ਪ੍ਰਤੀ ਕੁਇੰਟਲ 200 ਰੁਪਏ ਜਾਂ ਪਰਾਲੀ ਪ੍ਰਬੰਧਨ ਲਈ 6,000 ਰੁਪਏ ਪ੍ਰਤੀ ਏਕੜ ਦੀ ਮੰਗ ਕਰ ਰਹੇ ਹਨ। ਪੰਜਾਬ ਸਰਕਾਰ ਕੇਂਦਰ ਤੋਂ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ੇ ਦੀ ਮੰਗ ਕਰ ਰਹੀ ਹੈ। ਪੰਜਾਬ ‘ਚ ਹਰ ਸਾਲ ਲਗਭਗ 2 ਕਰੋੜ ਟਨ ਪਰਾਲੀ ਨਿਕਲਦੀ ਹੈ।
ਪਰਾਲੀ ਸਾੜਨ ਕਾਰਨ ਆਏ ਦਿਨ ਘਟਨਾਵਾਂ ਵੀ ਹੋ ਰਹੀਆਂ ਹਨ। ਕੱਲ੍ਹ ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਵੀਰਮ ਵਿਖੇ ਕਿਸਾਨ ਵੱਲੋਂ ਲਾਈ ਪਰਾਲੀ ਦੀ ਅੱਗ ‘ਚ ਇੱਕ ਬਜ਼ੁਰਗ ਔਰਤ ਦੇ ਝੁਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਬਜ਼ੁਰਗ ਔਰਤ ਇਸ ਹਾਦਸੇ ‘ਚ ਗੰਭੀਰ ਜ਼ਖਮੀ ਹੋ ਗਈ ਤੇ ਹੁਣ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ।