the body of : ਅੰਮ੍ਰਿਤਸਰ : ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ.ਐਸ.ਪੀ.ਸਿੰਘ ਓਬਰਾਏ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਧਾਰੀਵਾਲ ਬੇਟ ਦੇ ਰਹਿਣ ਵਾਲੇ 45 ਸਾਲਾ ਸੁਖਵਿੰਦਰ ਸਿੰਘ ਪੁੱਤਰ ਨਾਜਰ ਸਿੰਘ ਦੀ ਮ੍ਰਿਤਕ ਦੇਹ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਲਿਆਂਦੀ ਗਈ। ਸੁਖਵਿੰਦਰ ਸਿੰਘ ਦੀ ਮੌਤ 22 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਡਾ. ਓਬਰਾਏ ਨੂੰ ਸੁਖਵਿੰਦਰ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਗਈ ਸੀ।
ਡਾ. ਓਬਰਾਏ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਭਲਾਈ ਦੇ ਕੰਮ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸੁਖਵਿੰਦਰ ਦੇ ਘਰ ਦੇ ਆਰਥਿਕ ਹਾਲਾਤ ਬਹੁਤੇ ਚੰਗੇ ਨਹੀਂ ਸਨ ਜਿਸ ਕਾਰਨ ਉਹ ਘਰ ਦੇ ਹਾਲਾਤ ਨੂੰ ਕੁਝ ਸੁਧਾਰਨ ਲਈ ਵਿਦੇਸ਼ ਗਿਆ ਸੀ ਤੇ ਪਰਿਵਾਰਕ ਮੈਂਬਰਾਂ ਨੇ ਬਹੁਤ ਹੀ ਮੁਸ਼ਕਲ ਨਾਲ ਉਸ ਨੂੰ ਵਿਦੇਸ਼ ਭੇਜਿਆ ਸੀ ਤੇ ਮਾਪਿਆਂ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਪੁੱਤਰ ਕੁਝ ਪੈਸੇ ਕਮਾ ਕੇ ਘਰ ਨੂੰ ਭੇਜੇਗਾ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ 21 ਤੇ 22 ਅਕਤੂਬਰ ਦੀ ਰਾਤ ਨੂੰ ਸੁਖਵਿੰਦਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਡਾ. ਓਬਰਾਏ 211 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾ ਚੁੱਕੇ ਹਨ। ਇਸ ਤੋਂ ਇਲਾਵਾ ਟਰੱਸਟ ਵੱਲੋਂ ਹਰ ਧਰਮ, ਨਸਲ ਤੇ ਜਾਤ ਦੇ ਗਰੀਬ ਲੋਕਾਂ ਦੀ ਬਿਨਾਂ ਭੇਦਭਾਵ ਤੋਂ ਮਦਦ ਕੀਤੀ ਜਾਂਦੀ ਰਹੀ ਹੈ।
ਡਾ. ਓਬਰਾਏ ਨੇ ਵਿਦੇਸ਼ਾਂ ‘ਚ ਪ੍ਰਵਾਸੀ ਮਜ਼ਦੂਰਾਂ ਦੀ ਹੋਣ ਵਾਲੀਆਂ ਮੌਤਾਂ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਟਰੱਸਟ ਵੱਲੋਂ ਰਾਜਸਥਾਨ ਦੇ ਜੈਪੁਰ ਨਾਲ ਸਬੰਧਤ ਇੱਕ ਨੌਜਵਾਨ ਦਾ ਮ੍ਰਿਤਕ ਸਰੀਰ ਦੁਬਈ ਤੋਂ ਵਾਪਸ ਲਿਆਂਦਾ ਗਿਆ ਸੀ। ਮ੍ਰਿਤਕ ਦੇਹ ਲੈਣ ਪਹੁੰਚੇ ਸੁਖਵਿੰਦਰ ਸਿੰਘ ਦੇ ਨੇੜਲੇ ਰਿਸ਼ਤੇਦਾਰ ਸਰਵਣ ਸਿੰਘ, ਮਲਕੀਤ ਸਿੰਘ,ਰੁਪਿੰਦਰ ਸਿੰਘ, ਕਸ਼ਮੀਰ ਸਿੰਘ,ਰਜਿੰਦਰਜੀਤ ਸਿੰਘ ਆਦਿ ਨੇ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਆਉਣ ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਧੰਨਵਾਦ ਕੀਤਾ।