Punjab approves opening : ਪੰਜਾਬ ਸਰਕਾਰ ਨੇ ਅੱਜ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ ਵਧੇਰੇ ਗਤੀਵਿਧੀਆਂ ਖੋਲ੍ਹਣ ਦੀ ਆਗਿਆ ਦਿੱਤੀ ਹੈ ਜਿਸ ਵਿੱਚ ਸ਼ਾਮਲ ਹਨ ਹੋਟਲ, ਸ਼ਾਪਿੰਗ ਮਾਲ ਅਤੇ ਮਲਟੀਪਲੈਕਸਾਂ ‘ਚ ਬਾਰ ਖੋਲ੍ਹਣਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ ਸਥਿਤ ਹੋਟਲ, ਸ਼ਾਪਿੰਗ ਮਾਲ ਅਤੇ ਮਲਟੀਪਲੈਕਸਾਂ ਵਿੱਚ ਬਾਰ ਖੋਲ੍ਹਣ ਦੀ ਇਜ਼ਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਪਾਰਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਸਮੇਂ ਸਮੇਂ ਤੇ ਸਿਹਤ ਵਿਭਾਗ ਦੁਆਰਾ ਜਾਰੀ ਕੀਤੀਆਂ ਐਸ.ਓ.ਪੀ.ਜ਼ ਦੀ ਸਹੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ, ਰਾਜ ਸਰਕਾਰ ਨੇ 8 ਜੂਨ, 2020 ਨੂੰ ਪੰਜਾਬ ਦੇ ਕੰਟੇਨਟਮੈਂਟ ਜ਼ੋਨ ਦੇ ਬਾਹਰਲੇ ਇਲਾਕਿਆਂ ਵਿਚ ਹੋਟਲ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲ ਆਦਿ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ ਪਰ ਰੈਸਟੋਰੈਂਟਾਂ ਅਤੇ ਹੋਟਲਾਂ ਦੇ ਕਮਰਿਆਂ ਵਿਚ ਆਬਕਾਰੀ ਵਿਭਾਗ ਦਾ ਪ੍ਰਤੀ ਲਾਇਸੈਂਸ ਮੁਤਾਬਕ ਸ਼ਰਾਬ ਦਿੱਤੀ ਜਾ ਸਕਦੀ ਹੈ , ਪਰ ਬਾਰਾਂ ਨੂੰ ਖੁੱਲ੍ਹਣ ਦੀ ਇਜਾਜ਼ਤ ਉਸ ਸਮੇਂ ਨਹੀਂ ਦਿੱਤੀ ਗਈ ਸੀ ਪਰ ਅੱਜ ਜਾਰੀ ਹੋਏ ਨਵੇਂ ਹੁਕਮਾਂ ਮੁਤਾਬਕ ਹੋਟਲਾਂ, ਸ਼ਾਪਿੰਗ ਮਾਲ ਤੇ ਮਲਟੀਪਲੈਕਸ ‘ਚ ਬਾਰ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਦੇਸ਼ ਭਰ ਦੀਆਂ ਬਾਰਾਂ 25 ਮਾਰਚ ਤੋਂ ਬੰਦ ਕੀਤੀਆਂ ਗਈਆਂ ਸਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੂੰ ਅਨਲੌਕ 4 ਦਿਸ਼ਾ-ਨਿਰਦੇਸ਼ਾਂ ਦੇ ਹਿੱਸੇ ਵਜੋਂ 6 ਜੂਨ ਤੋਂ ਬਾਹਰ ਕੰਟੇਨਮੈਂਟ ਜ਼ੋਨਾਂ ਤੋਂ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ। ਸੂਬੇ ‘ਚ ਕੋਵਿਡ-19 ਦਾ ਪ੍ਰਕੋਪ ਦਿਨੋ-ਦਿਨ ਘੱਟ ਰਿਹਾ ਹੈ ਤੇ ਰੋਜ਼ਾਨਾ ਕੇਸਾਂ ਦੀ ਗਿਣਤੀ ਘੱਟ ਹੋ ਰਹੀ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਇਲਾਕਿਆਂ ‘ਚ ਹੋਟਲ, ਰੈਸਟੋਰੈਂਟਾਂ ਤੇ ਸ਼ਾਪਿੰਗ ਮਾਲਾਂ ‘ਚ ਬਾਰ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਜੋ ਕਿ ਲਗਭਗ ਪਿਛਲੇ 7 ਮਹੀਨਿਆਂ ਤੋਂ ਬੰਦ ਪਏ ਸਨ।