Special team of Punjab : ਪੰਜਾਬ ਜੀ. ਐੱਸ. ਟੀ. ਦੀ ਵਿਸ਼ੇਸ਼ ਟੀਮ ਵੱਲੋਂ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਗਿਆ ਹੈ। ਇਸੇ ਅਧੀਨ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਤੇ ਲੁਧਿਆਣਾ ਦੀ ਵਿਸ਼ੇਸ਼ ਟੀਮ ਵੱਲੋਂ ਟੈਕਸ ਚੋਰੀ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੁਲਜ਼ਮ ਰੈਡੀਮੇਡ ਗਾਰਮੈਂਟਸ ਦੀ ਅਸਲੀ ਖਰੀਦ ਕੀਤੇ ਬਿਨਾਂ ਨਕਲੀ ਬਿੱਲ ਤਿਆਰ ਕਰਦੇ ਸਨ ਤੇ ਟੈਕਸ ਦੀ ਚੋਰੀ ਕਰਦੇ ਸਨ। ਟੀਮ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਜਿਸ ਅਧੀਨ ਸਫਲਤਾ ਪ੍ਰਾਪਤ ਕਰਦਿਆਂ ਜੀ. ਐੱਸ. ਟੀ. ਦੀ ਵਿਸ਼ੇਸ਼ ਟੀਮ ਵੱਲੋਂ ਇਨ੍ਹਾਂ ਟੈਕਸ ਚੋਰਾਂ ਨੂੰ ਫੜਿਆ ਗਿਆ ਹੈ। ਟੀਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਵੱਲੋਂ 4 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਤੇ ਜਾਂਚ ਕੀਤੀ ਗਈ ਜਿਸ ਦੌਰਾਨ ਪਾਇਆ ਗਿਆ ਕਿ ਮਾਲ ਦੀ ਅਸਲ ਖਰੀਦ ਤੋਂ ਬਿਨਾਂ ਹੀ ਬਿੱਲ ਤਿਆਰ ਕੀਤੇ ਜਾਂਦੇ ਸਨ ਤੇ ਟੈਕਸ ਦੀ ਚੋਰੀ ਕੀਤੀ ਜਾ ਰਹੀ ਸੀ।
ਹੋਰ ਦੱਸਦਿਆਂ ਜੀ. ਐੱਸ. ਟੀ. ਵਿਭਾਗ ਨੇ ਕਿਹਾ ਕਿ ਮੁਲਜ਼ਮਾਂ ਤੱਕ ਧੋਖਾਧੜੀ ਵਾਲੀ ਆਈ.ਟੀ.ਸੀ. ਪਹੁੰਚਾਉਣ ਲਈ ਪੰਜ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਵਿਅਕਤੀਆਂ ਜਿਵੇਂ ਵੇਟਰ, ਆਟੋ-ਰਿਕਸ਼ਾ ਚਾਲਕ, ਦਿਹਾੜੀਦਾਰ ਆਦਿ ਦੇ ਨਾਂ ’ਤੇ ਜਾਅਲੀ ਪਛਾਣ ਪੱਤਰ ਦੀ ਵਰਤੋਂ ਕਰਦਿਆਂ ਇਸ ਪੂਰੀ ਘਟਨਾ ਨੂੰ ਸਿਰੇ ਚਾੜਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਨਿਰਯਾਤ ਦੇ ਉਦੇਸ਼ ਨਾਲ ਨਕਲੀ ਬਿੱਲ ਤਿਆਰ ਕੀਤੇ ਗਏ ਅਤੇ ਨਕਲੀ ਆਈ ਟੀ. ਸੀ. ਦੀ ਵਰਤੋਂ ਕੀਤੀ ਗਈ ਤੇ ਨਾਲ ਹੀ ਕਸਟਮ ਅਧਿਕਾਰੀਆਂ ਵੱਲੋਂ ਰਿਫੰਡ ਲੈਣ ਦਾ ਦਾਅਵਾ ਵੀ ਕੀਤਾ ਗਿਆ। ਨਕਲੀ ਰਸੀਦਾਂ ਤਿਆਰ ਕਰਵਾਉਣ ਲਈ ਨਕਲੀ ਬਿਲਿੰਗ ਨੈਟਵਰਕ ਦੀ ਵਰਤੋਂ ਵੀ ਕੀਤੀ ਗਈ। ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ 30 ਕਰੋੜ ਤੋਂ ਵੱਧ ਦੀ ਕੁੱਲ ਆਈ.ਟੀ.ਸੀ. ਰਾਹੀਂ ਘਪਲਾ ਕੀਤਾ ਜਾ ਰਿਹਾ ਸੀ ਅਤੇ ਇਨਾਂ 3 ਮੁਲਜ਼ਮਾਂ ਨੇ ਇਸ ਧਾਂਦਲੀ ਵਿੱਚ ਲਗਭਗ 23 ਕਰੋੜ ਰੁਪਏ ਦਾ ਘਪਲਾ ਕੀਤਾ ਸੀ । ਪੁਲਿਸ ਵੱਲੋਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ 14 ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ ਤੇ ਜਲਦ ਹੀ ਬਾਕੀ ਲਾਭਪਾਤਰੀਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਘਪਲੇ ‘ਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।