Maryam nawaz sharif says: ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਅਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੀ ਉਪ-ਪ੍ਰਧਾਨ ਮਰੀਅਮ ਨਵਾਜ਼ ਸ਼ਰੀਫ ਨੇ ਗੰਭੀਰ ਦੋਸ਼ ਲਗਾਏ ਹਨ। ਮਰੀਅਮ ਨੇ ਕਿਹਾ ਹੈ ਕਿ ਜਦੋਂ ਉਹ ਜੇਲ੍ਹ ਵਿੱਚ ਸੀ, ਅਧਿਕਾਰੀਆਂ ਨੇ ਉਸ ਦੇ ਸੈੱਲ ਅਤੇ ਬਾਥਰੂਮ ਵਿੱਚ ਵੀ ਕੈਮਰੇ ਲਗਾਏ ਸਨ। ਮਰੀਅਮ ਇੱਕ ਸੰਸਦ ਵੀ ਹੈ। ਮਰੀਅਮ ਨੇ ਕਿਹਾ- ਜਦੋਂ ਮੈਂ ਜੇਲ੍ਹ ਵਿੱਚ ਸੀ, ਉੱਥੋਂ ਦੇ ਪ੍ਰਸ਼ਾਸਨ ਨੇ ਮੇਰੀ ਬੈਰਕ ਦੇ ਬਾਥਰੂਮ ਵਿੱਚ ਕੈਮਰੇ ਲਗਾਏ ਸਨ। ਇਹ ਔਰਤਾਂ ਦਾ ਅਪਮਾਨ ਹੈ। ਮਰੀਅਮ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੀ ਉਪ-ਪ੍ਰਧਾਨ ਅਤੇ ਸੰਸਦ ਮੈਂਬਰ ਵੀ ਹੈ। ਕੁੱਝ ਦਿਨ ਪਹਿਲਾਂ ਫੌਜ ਅਤੇ ਆਈਐਸਆਈ ਅਧਿਕਾਰੀ ਜ਼ਬਰਦਸਤੀ ਕਰਾਚੀ ਸਥਿਤ ਉਨ੍ਹਾਂ ਦੇ ਹੋਟਲ ਦੇ ਕਮਰੇ ਵਿੱਚ ਦਾਖਲ ਹੋਏ ਅਤੇ ਮਰੀਅਮ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਸੀ। ਇੱਕ ਤਾਜ਼ਾ ਇੰਟਰਵਿਊ ਵਿੱਚ, ਮਰੀਅਮ ਨਵਾਜ਼ ਸ਼ਰੀਫ ਨੇ ਜੇਲ੍ਹ ਵਿੱਚ ਹੋ ਰਹੀਆਂ ਪ੍ਰੇਸ਼ਾਨੀਆਂ ਬਾਰੇ ਗੱਲ ਕੀਤੀ, ਜਿਸਦਾ ਉਨ੍ਹਾਂ ਨੇ ਜੇਲ੍ਹ ਵਿੱਚ ਸਾਹਮਣਾ ਕੀਤਾ। ਮਰੀਅਮ ਨੂੰ ਪਿੱਛਲੇ ਸਾਲ ਚੌਧਰੀ ਸ਼ੂਗਰ ਮਿੱਲ ਮਾਮਲੇ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਸੀ। ਪਾਕਿਸਤਾਨ ਦੀ ਇਮਰਾਨ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ, “ਮੈਂ ਦੋ ਵਾਰ ਜੇਲ੍ਹ ਗਈ ਹਾਂ ਅਤੇ ਜੇ ਮੈਂ ਇਸ ਬਾਰੇ ਗੱਲ ਕਰਾਂਗੀ ਕਿ ਇੱਕ ਔਰਤ ਨਾਲ ਜੇਲ੍ਹ ਵਿੱਚ ਕਿਵੇਂ ਪੇਸ਼ ਆਇਆ ਜਾਂਦਾ, ਤਾਂ ਮੈਂ ਆਪਣਾ ਚਿਹਰਾ ਦਿਖਾਉਣ ਦੀ ਹਿੰਮਤ ਨਹੀਂ ਕਰ ਸਕਾਂਗੀ।”
ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ (ਪੀਟੀਆਈ) ਸਰਕਾਰ ਦੀ ਆਲੋਚਨਾ ਕਰਦਿਆਂ ਪੀਐਮਐਲ-ਐਨ ਦੀ ਉਪ ਪ੍ਰਧਾਨ ਨੇ ਕਿਹਾ ਕਿ ਜੇ ਅਧਿਕਾਰੀ ਕਮਰੇ ਨੂੰ ਤੋੜ ਸਕਦੇ ਹਨ ਅਤੇ ਉਸ ਦੇ ਪਿਤਾ ਨਵਾਜ਼ ਸ਼ਰੀਫ ਦੇ ਸਾਹਮਣੇ ਉਸ ਨੂੰ ਗ੍ਰਿਫਤਾਰ ਕਰ ਸਕਦੇ ਹਨ ਅਤੇ ਉਸ ‘ਤੇ ਨਿੱਜੀ ਹਮਲਾ ਕਰ ਸਕਦੇ ਹਨ, ਤਾਂ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਕਿਸਤਾਨ ਵਿੱਚ ਔਰਤਾਂ ਕਿੰਨੀਆਂ ਸੁਰੱਖਿਅਤ ਹਨ? ਉਨ੍ਹਾਂ ਨੇ ਕਿਹਾ, ” ਔਰਤਾਂ, ਚਾਹੇ ਉਹ ਪਾਕਿਸਤਾਨ ਦੀਆਂ ਹੋਣ ਜਾਂ ਕਿਤੇ ਹੋਰ ਦੀਆਂ, ਉਹ ਕਮਜ਼ੋਰ ਨਹੀਂ ਹੋ ਸਕਦੀਆਂ।”