Retired soldier kills : ਅੱਜ ਜਿਲ੍ਹਾ ਗੁਰਦਾਸਪੁਰ ਤੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਦੇ ਬਟਾਲਾ ਪੁਲਿਸ ਅਧੀਨ ਇੱਕ ਪਿੰਡ ਕਲੇਰ ਖੁਰਦ ‘ਚ 40 ਸਾਲ ਤੋਂ ਕੋਰਟ ‘ਚ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ ‘ਤੇ ਹਮਲਾ ਕਰਦੇ ਹੋਏ ਗੋਲੀਆਂ ਮਾਰ ਕੇ 2 ਸਕੇ ਭਰਾਵਾਂ ਦਾ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਉਮਰ 70 ਸਾਲ ਦੇ ਲਗਭ ਦੱਸੀ ਜਾ ਰਹੀ ਹੈ ਤੇ ਜਿਸ ਨੇ ਗੋਲੀਆਂ ਚਲਾਈਆਂ ਉਹ ਰਿਟਾਇਰਡ ਫੌਜੀ ਦੱਸਿਆ ਜਾ ਰਿਹਾ ਹੈ ਜਿਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ।
ਮ੍ਰਿਤਕਾ ਦੇ ਭਰਾ ਤੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਦਾ ਵਿਵਾਦ ਪਿਛਲੇ 40 ਸਾਲ ਤੋਂ ਪਿੰਡ ਦੇ ਹੀ ਰਿਟਾਇਰਡ ਫੌਜੀ ਵਿਰਸਾ ਸਿੰਘ ਨਾਲ ਚੱਲ ਰਿਹਾ ਸੀ। ਕੋਰਟ ਨੇ ਉਨ੍ਹਾਂ ਦੇ ਹੱਕ ‘ਚ ਫੈਸਲਾ ਦਿੱਤਾ ਸੀ ਤੇ ਅੱਜ ਅਮਰੀਕ ਸਿੰਘ ਤੇ ਹਰਭਜਨ ਸਿੰਘ ਦੋਵੇਂ ਸਕੇ ਭਰਾ ਆਪਣੀ ਇਸ ਜ਼ਮੀਨ ‘ਚ ਕਣਕ ਦੀ ਫਸਲ ਦੀ ਬੁਆਈ ਕਰਨ ਲਈ ਜਦੋਂ ਖੇਤ ਪੁੱਜੇ ਤਾਂ ਰਿਟਾਇਰਡ ਫੌਜੀ ਵਿਰਸਾ ਸਿੰਘ ਨੇ ਆਪਣੇ ਬੇਟੇ, ਪਤਨੀ ਤੇ ਬੇਟੀ ਨਾਲ ਖੇਤਾਂ ‘ਚ ਪੁੱਜ ਕੇ ਝਗੜਾ ਸ਼ੁਰੂ ਕਰ ਦਿੱਤਾ । ਵਿਰਸਾ ਸਿੰਘ ਤੇ ਉਸ ਦੇ ਬੇਟੇ ਦੇ ਹੱਥ ‘ਚ ਰਿਵਾਲਵਰ ਅਤੇ ਵਿਰਸਾ ਸਿੰਘ ਦੇ ਹੱਥ ‘ਚ 12 ਬੋਰ ਦੀ ਦੋਨਾਲੀ ਸੀ ਜਿਸ ਨਾਲ ਉਨ੍ਹਾਂ ਨੇ ਹਰਭਜਨ ਸਿੰਘ ਤੇ ਅਮਰੀਕ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਮਰੀਕ ਸਿੰਘ ਤੇ ਹਰਭਜਨ ਸਿੰਘ ਦੇ ਪਰਿਵਾਰਕ ਮੈਂਬਰ ਉਥੇ ਪੁੱਜੇ ਜਿਨ੍ਹਾਂ ‘ਚੋਂ ਅਮਰੀਕ ਸਿੰਘ ਦਾ ਇੱਕ ਭਰਾ ਤੇ ਇੱਕ ਔਰਤ ਪਰਿਵਾਰਕ ਮੈਂਬਰ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕਰਦੇ ਹੋਏ ਪੀੜਤਾਂ ਦੇ ਬਿਆਨ ਦਰਜ ਕੀਤੇ। ਉਥੇ ਡੀ. ਐੱਸ. ਪੀ. ਗੁਰਦੀਪ ਸਿੰਘ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚੱਲਦੇ ਰਿਟਾਇਰਡ ਫੌਜੀ ਵਿਰਸਾ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਅਮਰੀਕ ਸਿੰਘ ਤੇ ਹਰਭਜਨ ਸਿੰਘ ‘ਤੇ ਖੇਤਾਂ ‘ਚ ਹੀ ਹਮਲਾ ਕਰ ਦਿੱਤਾ ਤੇ ਆਪਣੇ ਲਾਇਸੈਂਸੀ ਹਥਿਆਰਾਂ ਨਾਲ ਗੋਲੀਆਂ ਚਲਾਉਂਦੇ ਹੋਏ ਅਮਰੀਕ ਸਿੰਘ ਤੇ ਹਰਭਜਨ ਸਿੰਘ ਦਾ ਕਤਲ ਕਰ ਦਿੱਤਾ ਜਿਸ ‘ਚ ਦੋ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।