PM Modi and Rahul Gandhi Pays Tribute: ਆਜ਼ਾਦੀ ਤੋਂ ਬਾਅਦ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਅੱਜ ਜਨਮਦਿਨ ਹੈ । ਦੇਸ਼ ਅੱਜ ਆਪਣੇ ਪਹਿਲੇ ਪ੍ਰਧਾਨ ਮੰਤਰੀ ਨੂੰ ਯਾਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੂੰ ਯਾਦ ਕੀਤਾ ਹੈ । ਪੀਐਮ ਮੋਦੀ ਨੇ ਟਵੀਟ ਕਰਕੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ ਹੈ । ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਮੇਰੀ ਨਿਮਰ ਸ਼ਰਧਾਂਜਲੀ।”
ਉੱਥੇ ਹੀ ਦੂਜੇ ਪਾਸੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਪੰਡਿਤ ਨਹਿਰੂ ਨੂੰ ਯਾਦ ਕੀਤਾ ਹੈ । ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਆਪਣੇ ਪਹਿਲੇ ਪ੍ਰਧਾਨਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਜਯੰਤੀ ਮਨਾ ਰਿਹਾ ਹੈ । ਪੰਡਿਤ ਨਹਿਰੂ ਨੂੰ ਇੱਕ ਮਹਾਨ ਦੂਰਦਰਸ਼ੀ ਸੋਚ ਵਾਲਾ ਦੱਸਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਈਚਾਰੇ, ਸਮਤਾਵਾਦ ਅਤੇ ਆਧੁਨਿਕ ਨਜ਼ਰੀਏ ਨਾਲ ਦੇਸ਼ ਦੀ ਨੀਂਹ ਰੱਖੀ । ਸਾਬਕਾ ਕਾਂਗਰਸ ਪ੍ਰਧਾਨ ਨੇ ਲਿਖਿਆ ਹੈ ਕਿ ਸਾਨੂੰ ਇਨ੍ਹਾਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਗੌਰਤਲਬ ਹੈ ਕਿ ਪੰਡਿਤ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਹੋਇਆ ਸੀ । ਪੰਡਿਤ ਨਹਿਰੂ ਨੂੰ ਬੱਚਿਆਂ ਨਾਲ ਵਧੇਰੇ ਲਗਾਅ ਸੀ। ਬੱਚੇ ਉਨ੍ਹਾਂ ਨੂੰ ਅੰਕਲ ਨਹਿਰੂ ਕਹਿੰਦੇ ਸਨ । ਇਸ ਦੇ ਮੱਦੇਨਜ਼ਰ ਪੰਡਿਤ ਨਹਿਰੂ ਦਾ ਜਨਮ ਦਿਵਸ ਬਾਲ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ । ਸਾਲ 1964 ਵਿੱਚ ਪੰਡਿਤ ਨਹਿਰੂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਜਯੰਤੀ ਦੇ ਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਣ ਲੱਗਿਆ ।
ਦੱਸ ਦੇਈਏ ਕਿ ਪੰਡਿਤ ਨਹਿਰੂ ਦੇ ਦਿਹਾਂਤ ਤੋਂ ਪਹਿਲਾਂ ਦੇਸ਼ ਵਿੱਚ 20 ਨਵੰਬਰ ਨੂੰ ਬਾਲ ਦਿਵਸ ਮਨਾਇਆ ਗਿਆ ਸੀ । ਪੰਡਿਤ ਨਹਿਰੂ ਨੇ ਸਾਲ 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਸ਼ ਦੀ ਚੋਟੀ ਦੀ ਤਾਕਤ ਦੀ ਵਾਗਡੋਰ ਸੰਭਾਲੀ ਸੀ । ਉਹ ਸਾਲ 1964 ਵਿੱਚ ਆਪਣੀ ਮੌਤ ਤੱਕ ਯਾਨੀ 17 ਸਾਲਾਂ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੇ ।
ਇਹ ਵੀ ਦੇਖੋ: ਕੇਂਦਰ ਨਾਲ ਹੋਈ ਮੀਟਿੰਗ ਚੋਂ ਬਾਹਰ ਆਏ ਕਿਸਾਨ, ਸੁਣੋ ਕੀ ਹੋਏ ਵੱਡੇ ਫੈਸਲੇ