Jalandhar’s Olla cab : ਜਲੰਧਰ : ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜਲੰਧਰ ਦੇ ਓਲਾ ਕੈਬ ਡਰਾਈਵਰ ਨੂੰ ਰਈਆ ਕੋਲ ਲੁਟੇਰੇ ਗੰਨ ਪੁਆਇੰਟ ‘ਤੇ ਕਾਰ ਲੁੱਟ ਕੇ ਲੈ ਗਏ। ਲੁਟੇਰਿਆਂ ਨੇ ਕਾਰ ਲੁੱਟਣ ਦੇ ਨਾਲ-ਨਾਲ ਡਰਾਈਵਰ ਨੂੰ ਬੰਦੀ ਵੀ ਬਣਾਇਆ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਗੋਇੰਦਵਾਲ ਸਾਹਿਬ ਤੇ ਰਈਆ ਪੁਲਿਸ ਦੋਵੇਂ ਪੁੱਜੀਆਂ। ਲੁਟੇਰੇ ਅਜੇ ਫਰਾਰ ਹਨ ਤੇ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਲੰਧਰ ਦੇ ਗੁਰੂਨਾਨਕਪੁਰਾ ਵੈਸਟ ਦੇ ਰਹਿਣ ਵਾਲੇ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਓਲਾ ਕੈਬ ਚਲਾ ਰਿਹਾ ਹੈ। ਸ਼ੁੱਕਰਵਾਰ ਦੀ ਸ਼ਾਮ ਲਗਭਗ 6.14 ਵਜੇ ਉਸ ਨੂੰ ਰਾਈਡ ਲਈ ਮੈਸੇਜ ਮਿਲਿਆ। ਉਹ ਆਪਣੀ ਕਾਰ ਹੋਂਡਾ ਇਮੇਜ (ਪੀ. ਬੀ. 01 ਸੀ-2694) ਲੈ ਕੇ ਰਾਮਾ ਮੰਡੀ ਚੌਕ ਪੁੱਜਾ। ਉਥੇ ਦੋ ਨੌਜਵਾਨ ਉਸ ਦੀ ਕਾਰ ‘ਚ ਬੈਠੇ ਤੇ ਲਗਭਗ ਸਵਾ ਘੰਟੇ ਬਾਅਦ ਉਹ ਉਨ੍ਹਾਂ ਨੂੰ ਲੈ ਕੇ ਰਈਆ ਪੁੱਜਾ। ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਨੇ ਦੋਵਾਂ ਤੋਂ ਪੁੱਛਿਆ ਕਿ ਉਹ ਉਨ੍ਹਾਂ ਨੂੰ ਕਿਥੇ ਉਤਾਰ ਦੇਵੇ। ਦੋਵਾਂ ਨੇ ਉਸ ਨੂੰ ਰਈਆ ਨੇੜੇ ਡੇਢ ਕਿਲੋਮੀਟਰ ਅੱਗੇ ਜਾਣ ਨੂੰ ਕਿਹਾ। ਕੁਝ ਦੇਰ ਪਹੁੰਚਦੇ ਹੀ ਉਸ ਦੇ ਨਾਲ ਬੈਠੇ ਨੌਜਵਾਨ ਨੇ ਪਿਸਤੌਲ ਕੱਢ ਕੇ ਉਸ ਨੂੰ ਗੰਨ ਪੁਆਇੰਟ ‘ਤੇ ਲੈ ਲਿਆ ਅਤੇ ਗੱਡੀ ਰੁਕਵਾ ਦਿੱਤੀ।
ਇਸੇ ਦਰਮਿਆਨ ਇੱਕ ਹੋਰ ਕਾਰ ਉਨ੍ਹਾਂ ਕੋਲ ਰੁਕੀ ਤੇ ਉਸ ‘ਚੋਂ 3 ਲੋਕ ਉਤਰ ਕੇ ਉਸ ਦੀ ਗੱਡੀ ‘ਚ ਬੈਠ ਗਏ। ਸਾਰੇ ਲੁਟੇਰਿਆਂ ਨੇ ਪਿਸਤੌਲ ਕੱਢ ਕੇ ਉਸ ਦੇ ਮੱਥੇ ‘ਤੇ ਰੱਖ ਦਿੱਤੀ ਤੇ ਉਸ ਨੂੰ ਬੰਨ੍ਹ ਕੇ ਪਿਛਲੀ ਸੀਟ ‘ਤੇ ਬਿਠਾ ਦਿੱਤਾ। ਸੁਨੀਲ ਮੁਤਾਬਕ ਲਗਭਗ ਇੱਕ ਘੰਟੇ ਬਾਅਦ ਉਸ ਨੂੰ ਗੋਇੰਦਵਾਲ ਨੇੜੇ ਮਾਰਕੁੱਟ ਕਰਦੇ ਹੋਏ ਕਾਰ ਤੋਂ ਧੱਕਾ ਦੇ ਦਿੱਤਾ। ਸੁਨੀਲ ਮੁਤਾਬਕ ਲੁਟੇਰਿਆਂ ਨੇ ਉਸ ਦਾ ਪਰਸ ਤੇ ਮੋਬਾਈਲ ਵੀ ਖੋਹ ਲਿਆ। ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ।