Election Commission appoints : ਚੰਡੀਗੜ੍ਹ : ਲੌਕਡਾਊਨ ਦੌਰਾਨ ਪ੍ਰਵਾਸੀਆਂ ਦੀ ਮਦਦ ਕਰਕੇ ਚਰਚਾ ‘ਚ ਆਏ ਫਿਲਮ ਅਭਿਨੇਤਾ ਸੋਨੂੰ ਸੂਦ ਜਲਦ ਹੀ ਪੰਜਾਬ ‘ਚ ਚੋਣ ਸਬੰਧੀ ਜਾਗਰੂਕਤਾ ਫੈਲਾਉਂਦੇ ਹੋਏ ਨਜ਼ਰ ਆਉਣਗੇ। ਭਾਰਤੀ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਪੰਜਾਬ ਰਾਜ ਦਾ ਸਟੇਟ ਆਈਕਨ ਵਜੋਂ ਨਿਯੁਕਤ ਕੀਤਾ ਹੈ। ਭਾਰਤੀ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਸੋਮਵਾਰ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਹੈ। ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਫਿਲਮ ਅਭਿਨੇਤਾ ਸੋਨੂੰ ਸੂਦ ਨੂੰ ਸਟੇਟ ਆਈਕਨ ਨਿਯੁਕਤ ਕਰਨ ਲਈ ਮੁੱਖ ਚੋਣ ਅਧਿਕਾਰੀ ਦਫਤਰ ਪੰਜਾਬ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਇੱਕ ਪ੍ਰਸਤਾਵ ਭੇਜਿਆ ਗਿਆ ਸੀ ਜਿਸ ਨੂੰ ਮਨਜ਼ੂਰੀ ਮਿਲ ਗਈ ਹੈ।
ਮੁੱਖ ਚੋਣ ਅਧਿਕਾਰੀ ਦਫਤਰ ਪੰਜਾਬ ਸੂਬੇ ‘ਚ ਸੋਨੂੰ ਸੂਦ ਨਾਲ ਮਿਲ ਕੇ ਲੋਕਾਂ ‘ਚ ਚੋਣ ਸਬੰਧੀ ਜਾਗਰੂਕਤਾ ਪੈਦਾ ਕਰੇਗੀ। ਪੰਜਾਬ ਦੇ ਮੋਗਾ ਜਿਲ੍ਹੇ ਨਾਲ ਸਬੰਧਤ ਸੋਨੂੰ ਸੂਦ ਹਿੰਦੀ, ਤਮਿਲ, ਤੇਲਗੂ, ਕੰਨੜ ਤੇ ਪੰਜਾਬੀ ਸਮੇਤ ਕਈ ਹੋਰ ਭਾਰਤੀ ਭਾਸ਼ਾਵਾਂ ‘ਚ ਬਣੀਆਂ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਸੂਦ ਵੱਲੋਂ ਲੋਕ ਕਲਿਆਣ ਦੇ ਬਹੁਤ ਕੰਮ ਕੀਤੇ ਜਾ ਰਹੇ ਹਨ। ਲੌਕਡਾਊਨ ਦੌਰਾਨ ਸੂਦ ਨੇ ਵੱਖ-ਵੱਖ ਥਾਵਾਂ ‘ਤੇ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ‘ਚ ਕਾਫੀ ਮਦਦ ਕੀਤੀ ਸੀ ਜਿਸ ਲਈ ਉਨ੍ਹਾਂ ਦੀ ਕਾਫੀ ਪ੍ਰਸ਼ੰਸਾ ਵੀ ਹੋਈ ਸੀ। ਕੋਵਿਡ ਦੌਰਾਨ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਡਿਵੈਲਪਮੈਂਟ ਪ੍ਰੋਗਰਾਮ ਵੱਲੋਂ ਸੋਨੂੰ ਸੂਦ ਨੂੰ ਐੱਸ. ਡੀ. ਜੀ. ਸਪੈਸ਼ਲ ਹਿਊਮੈਨਟੇਰੀਅਨ ਐਕਸ਼ਨ ਐਵਾਰਡ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਫਿਲਮਾਂ ‘ਚ ਕੀਤੇ ਗਏ ਕੰਮ ਲਈ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਥੇ ਇਹ ਦੱਸਣਯੋਗ ਹੈ ਕਿ ਲੌਕਡਾਊਨ ਦੌਰਾਨ ਮਹਾਰਾਸ਼ਟਰ ‘ਚ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ‘ਚ ਉਸਦੀ ਸਰਗਰਮੀ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਬਹੁਤ ਸਾਰੇ ਲੋਕਾਂ ਲਈ ਅਸਲ ਜ਼ਿੰਦਗੀ ਦਾ ਨਾਇਕ ਬਣ ਕੇ ਉੱਭਰਿਆ ਹੈ। ਸੈਂਕੜੇ ਲੋਕ ਵੱਖ-ਵੱਖ ਤਰ੍ਹਾਂ ਦੀ ਸਹਾਇਤਾ ਦੀ ਮੰਗ ਕਰਦਿਆਂ, ਲਗਾਤਾਰ ਉਸਦੀ ਟੀਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਦਬੰਗ ਅਭਿਨੇਤਾ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਕਰਨਾਟਕ, ਬਿਹਾਰ, ਝਾਰਖੰਡ ਅਤੇ ਯੂਪੀ ਵਰਗੇ ਦੂਰ ਰਾਜਾਂ ਵਿੱਚ ਵਾਪਸ ਉਨ੍ਹਾਂ ਦੇ ਘਰ ਭੇਜਿਆ ਹੈ ਅਤੇ ਇੱਕ ਟੋਲ ਫ੍ਰੀ ਨੰਬਰ – 18001213711 ਵੀ ਲਾਂਚ ਕੀਤਾ ਹੈ – ਜਿਸ ਦੁਆਰਾ ਕੋਈ ਵਿਅਕਤੀ ਆਪਣੀ ਟੀਮ ਤੱਕ ਮਦਦ ਲਈ ਪਹੁੰਚ ਸਕਦਾ ਹੈ।