Arvind Kejriwal seeks to shut: ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਇੱਕ ਵਾਰ ਫਿਰ ਕੋਰੋਨਾ ‘ਤੇ ਕਾਬੂ ਪਾਉਣ ਲਈ ਸਖ਼ਤ ਮੂਡ ਵਿੱਚ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਸੰਕੇਤ ਦਿੱਤੇ ਹਨ । ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਵਿਆਹਾਂ ਵਿੱਚ 200 ਲੋਕਾਂ ਤੱਕ ਦੇ ਸ਼ਾਮਿਲ ਹੋਣ ਦੀ ਆਗਿਆ ਨੂੰ ਘਟਾ ਕੇ 50 ਕਰਨ ਦਾ ਪ੍ਰਸਤਾਵ ਉਪ ਰਾਜਪਾਲ ਨੂੰ ਮਨਜ਼ੂਰੀ ਲਈ ਭੇਜਿਆ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਬਾਜ਼ਾਰਾਂ ਵਿੱਚ ਛੋਟੇ ਪੱਧਰ ’ਤੇ ਤਾਲਾਬੰਦੀ ਦਾ ਇੱਕ ਪ੍ਰਸਤਾਵ ਮਨਜ਼ੂਰੀ ਲਈ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ। ਜੇ ਸਰਕਾਰ ਨੂੰ ਲੱਗਦਾ ਹੈ ਕਿ ਉਹ ਬਾਜ਼ਾਰ ਲੋਕਲ ਕੋਰੋਨਾ ਹਾਟ ਸਪਾਟ ਬਣ ਸਕਦਾ ਹੈ ਤਾਂ ਸਾਵਧਾਨੀ ਦੇ ਤੌਰ ‘ਤੇ ਕੁਝ ਸਮੇਂ ਲਈ ਬਾਜ਼ਾਰ ਨੂੰ ਬੰਦ ਕੀਤਾ ਜਾ ਸਕਦਾ ਹੈ।
ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਕਾਫ਼ੀ ਹੈ, ਪਰ ਆਈਸੀਯੂ ਵਾਲੇ ਬੈੱਡਾਂ ਦੀ ਘਾਟ ਹੈ, ਜਿਸ ਲਈ ਕੇਂਦਰ ਸਰਕਾਰ ਨੇ ਮਦਦ ਕੀਤੀ ਹੈ । ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ, ਪਰ ਸਭ ਤੋਂ ਵੱਡੀ ਲੋੜ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ । ਬਹੁਤ ਸਾਰੇ ਲੋਕ ਮਾਸਕ ਬਿਨ੍ਹਾਂ ਘੁੰਮ ਰਹੇ ਹਨ। ਮੇਰੀ ਅਪੀਲ ਹੈ ਕਿ ਕਿਰਪਾ ਕਰਕੇ ਮਾਸਕ ਪਹਿਨੋ ਅਤੇ ਸਮਾਜਿਕ ਦੂਰੀਆਂ ਦੀ ਪਾਲਣਾ ਕਰੋ।
ਗੌਰਤਲਬ ਹੈ ਕਿ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 99 ਲੋਕਾਂ ਦੀ ਮੌਤ ਹੋ ਗਈ ਹੈ, ਜੋ ਕਿ ਮਹਾਂਰਾਸ਼ਟਰ ਤੋਂ ਵੀ ਵੱਧ ਹੈ। ਕੋਰੋਨਾ ਕਿਵੇਂ ਦਿੱਲੀ ਵਿੱਚ ਤਬਾਹੀ ਮਚਾ ਰਿਹਾ ਹੈ, ਇਸ ਦਾ ਅੰਦਾਜ਼ਾ ਤੁਸੀ ਲਗਾ ਸਕਦੇ ਹੋ ਕਿ ਇਸ ਮਹੀਨੇ ਹਰ ਘੰਟੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਰਹੀ ਹੈ। ਨਵੰਬਰ ਵਿੱਚ ਹੀ ਕੋਰੋਨਾ ਨਾਲ ਦਿੱਲੀ ਵਿੱਚ ਹੁਣ ਤੱਕ 1100 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਭਾਰਤ ਵਿੱਚ ਹੁਣ ਤੱਕ ਕੁੱਲ 88 ਲੱਖ 74 ਹਜ਼ਾਰ ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ । ਦੇਸ਼ ਵਿੱਚ ਹੁਣ ਤੱਕ 1.3 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ । ਅੱਜ ਦੀ ਤਰੀਕ ਵਿੱਚ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜਾਂ ਦਿੱਲੀ, ਮਹਾਂਰਾਸ਼ਟਰ, ਪੱਛਮੀ ਬੰਗਾਲ, ਕੇਰਲ ਹਨ। ਇਨ੍ਹਾਂ ਰਾਜਾਂ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।