Bathinda Blood Bank : ਬਠਿੰਡਾ ਬਲੱਡ ਬੈਂਕ ਵੱਲੋਂ ਕੀਤੀਆਂ ਜਾ ਰਹੀਆਂ ਲਾਪ੍ਰਵਾਹੀਆਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ। ਅਜੇ ਕੁਝ ਦੇਰ ਪਹਿਲਾਂ ਬਠਿੰਡਾ ਬਲੱਡ ਬੈਂਕ ਵੱਲੋਂ ਥੈਲਸੀਮੀਆ ਤੋਂ ਪੀੜਤ ਬੱਚੇ ਨੂੰ ਐੱਚ. ਆਈ. ਵੀ. ਪਾਜੀਟਿਵ ਖੂਨ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਅੱਜ ਬਲੱਡ ਬੈਂਕ ਵੱਲੋਂ ਇੱਕ ਹੋਰ ਚੰਦ ਚਾੜ੍ਹ ਦਿੱਤਾ ਹੈ। ਇਥੇ ਅੱਜ ਇੱਕ ਹੋਰ ਬੱਚੇ ਨੂੰ ਐਚ ਆਈ ਵੀ ਪੌਜ਼ਟਿਵ ਖੂਨ ਚੜ੍ਹਾਉਣ ਦਾ ਚੌਥਾ ਮਾਮਲਾ ਸਾਹਮਣੇ ਆ ਗਿਆ ਹੈ। ਇਸਤੋਂ ਬਾਅਦ ਇੱਕ ਵਾਰ ਫੇਰ ਸਿਹਤ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਤਾਜ਼ਾ ਮਾਮਲੇ ‘ਚ ਇੱਕ ਹੋਰ 13 ਸਾਲਾ ਮਾਸੂਮ ਬੱਚਾ ਸ਼ਿਕਾਰ ਬਣਿਆ ਹੈ। ਜਿਸਦੀ ਅੱਜ ਐਚ ਆਈ ਵੀ ਰਿਪੋਰਟ ਪੌਜ਼ਟਿਵ ਆਉਣ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ।
ਪਹਿਲਾਂ ਤੋਂ ਹੀ ਥੈਲੇਸੀਮੀਆ ਤੋਂ ਪੀੜਤ ਇਹ ਮਾਸੂਮ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ। ਇਸ ਦੇ ਨਾਲ ਹੀ ਇਨ੍ਹਾਂ ਬੱਚਿਆਂ ਦੇ ਸਿਰ ‘ਤੇ ਪਿਓ ਦਾ ਸਾਇਆ ਵੀ ਨਹੀਂ ਹੈ। ਅਜੇਹੀ ਹਾਲਤ ‘ਚ ਮਜਬੂਰ ਇਹ ਮਾਂ ਜਿਥੇ ਆਪਣੇ ਬਚੇ ਲਈ ਸਿਹਤਯਾਬੀ ਮੰਗ ਰਹੀ ਹੈ ਉਥੇ ਆਪਣੇ ਜਿਗਰ ਦੇ ਟੁਕੜੇ ਦੀ ਜਾਨ ਨਾਲ ਖਿਲਵਾੜ ਕਰਨ ਵਾਲਿਆਂ ਲਈ ਸਖਤ ਸਜ਼ਾ ਵੀ ਮੰਗ ਰਹੀ ਹੈ। ਇਧਰ ਹੁਣ ਤੱਕ ਸਾਹਮਣੇ ਆਏ ਕੇਸਾਂ ਚ ਜਿਆਦਾਤਰ ਥੈਲੇਸੀਮੀਆ ਪੀੜਤ ਬੱਚੇ ਹੀ ਸ਼ਾਮਲ ਹਨ ਜਿਸ ਨੂੰ ਲੈਕੇ ਅਜਿਹੇ ਕੇਸਾਂ ਦੀ ਸੰਭਾਲ ‘ਚ ਜੁਟੇ ਸਮਾਜ ਸੇਵੀ ਬੇਹੱਦ ਚਿੰਤਤ ਹਨ। ਇੰਨਾ ਦੀ ਚਿੰਤਾ ਸਿਹਤ ਵਿਭਾਗ ਵੱਲੋ ਅਜਿਹੇ ਮਾਮਲਿਆਂ ਨੂੰ ਹਲਕੇ ‘ਚ ਲੈਣ ਦੀ ਵੀ ਹੈ
ਇੰਨਾ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਕਿੰਨਾ ਕੁ ਗੰਭੀਰ ਹੈ ਇਸਦਾ ਦਾ ਅੰਦਾਜ਼ਾ ਤੁਸੀਂ ਬਠਿੰਡਾ ਬਲੱਡ ਬੈਂਕ ਵਿਖੇ ਸਾਹਮਣੇ ਆ ਰਹੇ ਗਲਤ ਖੂਨ ਚੜ੍ਹਾਉਣ ਦੇ ਮਾਮਲਿਆਂ ਤੋਂ ਲੈ ਸਕਦੇ ਹੋ – ਜਿਥੇ ਮਹਿਜ਼ ਡੇਢ ਮਹੀਨੇ ਦੇ ਵਕਫ਼ੇ ਚ ਪਹਿਲਾਂ ਇੱਕ ਔਰਤ ,ਫੇਰ 7 ਸਾਲਾ ਬੱਚੀ ,ਫੇਰ 11 ਸਾਲਾ ਬੱਚਾ , ਤੇ ਹੁਣ 13 ਸਾਲਾ ਬੱਚੇ ਨੂੰ ਐਚ ਆਈ ਵੀ ਪੌਜ਼ਟਿਵ ਖੂਨ ਚੜ੍ਹ ਚੁੱਕਾ ਹੋਵੇ। ਜਦੋਂ ਇਸ ਸਬੰਧੀ ਉਥੇ ਤਾਇਨਾਤ ਮੁਖੀ ਤੋਂ ਇਸ ਸਾਰੇ ਮਾਮਲੇ ਸਬੰਧੀ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਜੈਨਾਚਾਰੀਆ ਸ਼੍ਰੀ ਵਿਜੇ ਵੱਲਭ ਸੂਰੀਸ਼ਵਰ ਜੀ ਦੀ 151ਵੇਂ ਜਯੰਤੀ ‘ਤੇ ਦਿੱਤੀਆਂ ਵਧਾਈਆਂ