Mohali police exposes : ਮੋਹਾਲੀ : ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮੋਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੰਗੀਨ ਕੇਸਾਂ ਦੇ ਅਪਰਾਧੀ ਰਣਬੀਰ ਕਲਸੀ ਉਰਫ ਬੀਰਾ ਪੁੱਤਰ ਦੇਸਰਾਜ ਵਾਸੀ ਪਿੰਡ ਨਬੀਪੁਰ ਥਾਣਾ ਸਦਰ ਗੁਰਦਾਸਪੁਰ ਜਿਲ੍ਹਾ ਗੁਰਦਾਸਪੁਰ, ਹਰਵਿੰਦਰ ਸਿੰਘ ਉਰਫ ਦੋਧੀ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਮੁਰਾਦਪੁਰਾ ਥਾਣਾ ਹੇਅਰ ਕੰਬੋਅ ਜਿਲ੍ਹਾ ਅੰਮ੍ਰਿਤਸਰ ਅਤੇ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਚੰਡੇ ਥਾਣਾ ਮਜੀਠਾ ਜਿਲ੍ਹਾ ਅੰਮ੍ਰਿਤਸਰ ਤੇ ਅਧਾਰਤ ਇੱਕ ਸੁਪਾਰੀ ਕਿਲਰ ਗਿਰੋਹ ਨੂੰ ਮੋਹਾਲੀ ਪੁਲਿਸ ਵਲੋਂ ਬੇਨਕਾਬ ਕੀਤਾ ਅਤੇ ਤਿੰਨਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ।
ਜਿਲ੍ਹਾ ਪੁਲਿਸ ਮੁਖੀ ਨੇ ਪੂਰੇ ਘਟਨਾਕ੍ਰਮ ਦੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦਸਿਆ ਕਿ ਅਗਸਤ ਮਹੀਨੇ ਵਿੱਚ ਮਿਤੀ 10.08.2020 ਨੂੰ ਕੁਰਾਲੀ ਏਰੀਆ ‘ਚ ਇੱਕੋ ਦਿਨ ਹਥਿਆਰਾਂ ਦੀ ਨੋਕ ‘ਤੇ ਇੱਕ ਕਾਰ ਅਤੇ ਮੋਟਰ ਸਾਇਕਲ ਦੀ ਦੋ ਖੋਹ ਦੀਆਂ ਵਾਰਦਾਤਾਂ ਹੋਈਆਂ ਸੀ। ਇਨ੍ਹਾਂ ਵਾਰਦਾਤਾਂ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ। ਜਿਸ ਦੇ ਨਤੀਜੇ ਵਜੋਂ ਮੁਕੱਦਮਾ ਨੰਬਰ 72 ਮਿਤੀ 10.08.2020 ਅ/ਧ 392, 34 ਆਈ਼ਪੀ਼ਸੀ ਤੇ 25 ਅਸਲਾ ਐਕਟ ਥਾਣਾ ਸਿਟੀ ਕੁਰਾਲੀ ਵਿੱਚ ਰਣਬੀਰ ਕਲਸੀ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਨੇ ਪੁੱਛ ਗਿੱਛ ਦੌਰਾਨ ਮੰਨਿਆ ਕਿ ਭਗੌੜੇ ਗੈਂਗਸਟਰਾਂ ਸੁੱਖਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਅਤੇ ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ ਦੀ ਹਦਾਇਤ ‘ਤੇ ਉਸ ਨੇ ਆਪਣੇ ਸਾਥੀਆਂ ਹਰਵਿੰਦਰ ਸਿੰਘ ਦੋਧੀ ਤੇ ਭੁਪਿੰਦਰ ਸਿੰਘ ਭਿੰਦਾ ਨਾਲ ਰੱਲ੍ਹ ਕੇ ਬਹੁ ਚਰਚਿਤ ਮੋਗਾ ਸੈਕਸ ਸਕੈਂਡਲ ਦੇ ਦੋਸੀਆਂ ਪਤੀ ਪਤਨੀ ਜੋ ਕਿ ਵਾਅਦਾ ਮੁਆਫ ਗੁਵਾਹ ਬਣ ਗਏ ਸਨ ਦੀ ਸਤੰਬਰ 2018 ਵਿੱਚ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਅੰਨੇ ਵਾਹ ਗੋਲੀਆਂ ਮਾਰ ਕੇ ਕਤਲ ਕੀਤੇ ਸਨ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੇ ਪਲਸਰ 220 ਮੋਟਰ ਸਾਈਕਲ ਦੀ ਵਰਤੋਂ ਕੀਤੀ ਸੀ ਅਤੇ ਉਹਨਾਂ ਪਾਸ ਤਿੰਨ ਪਿਸਤੌਲਾ ਸਨ।
ਇਸ ਘਟਨਾ ਸਬੰਧੀ ਮੁਕੱਦਮਾ ਨੰਬਰ 154 ਮਿਤੀ 21.09.2018 ਅ/ਧ 302, 34 ਆਈ਼ਪੀ਼ਸੀ ਤੇ 25 ਅਸਲਾ ਐਕਟ ਥਾਣਾ ਜੀਰਾ ਜਿਲ੍ਹਾ ਫਿਰੋਜਪੁਰ ਦਰਜ ਹੈ। ਰਣਬੀਰ ਕਲਸੀ ਨੇ ਪੁੱਛ ਗਿੱਛ ਦੌਰਾਨ ਮੰਨਿਆ ਕਿ ਉਸ ਨੇ ਗੈਂਗਸਟਰ ਸੁੱਖ ਭਿਖਾਰੀਵਾਲ ਦੀ ਹਦਾਇਤ ‘ਤੇ ਆਪਣੇ ਦੋ ਹੋਰ ਮੋਟਰ ਸਾਇਕਲ ਸਵਾਰ ਸਾਥੀਆਂ ਸਮੇਤ ਪਿੰਡ ਘੱਲ ਖੁਰੱਦ ਫਿਰੋਜਪੁਰ ਮੋਗਾ ਰੋਡ ਤੇ ਇੱਕ ਢਾਬੇ ਤੇ ਰੋਟੀ ਖਾਣ ਲਈ ਰੁੱਕੀ ਪੁਲਿਸ ਪਾਰਟੀ ਉਪਰ ਮਿਤੀ 18.08.2018 ਨੂੰ ਫਾਇਰਿੰਗ ਕਰਕੇ ਹੀਰੋਇੰਨ ਦੇ ਵੱਡੇ ਸਮਗਲਰ ਹਰਭਜਨ ਸਿੰਘ ਉਰਫ ਰਾਣਾ ਵਾਸੀ ਨਿਹਾਲਾ ਖਿਲਚਾ ਜਿਲ੍ਹਾ ਫਿਰੋਜਪੁਰ ਨੂੰ ਪੁਲਿਸ ਹਿਰਾਸਤ ਵਿਚੋਂ ਛੁੱਡਾਇਆ ਸੀ। ਫਾਇਰਿੰਗ ਵਿੱਚ ਇੱਕ ਪੁਲਿਸ ਮੁਲਾਜਮ ਗੰਭੀਰ ਜਖਮੀ ਹੋ ਗਿਆ ਸੀ। ਇਸ ਸਬੰਧੀ ਮੁਕੱਦਮਾ ਨੰਬਰ 106 ਮਿਤੀ 18.08.2018 ਅ/ਧ 307, 225, 34 ਆਈ.ਪੀ.ਸੀ ਤੇ 25 ਅਸਲਾ ਐਕਟ ਥਾਣਾ ਘੱਲ ਖੁਰੱਦ ਜਿਲ੍ਹਾ ਫਿਰੋਜਪੁਰ ਦਰਜ ਹੈ। ਭੁਪਿੰਦਰ ਸਿੰਘ ਭਿੰਦਾ ਤੇ ਹਰਵਿੰਦਰ ਸਿੰਘ ਦੋਧੀ ਜੋ ਵੱਖ-ਵੱਖ ਕੇਸਾ ਵਿੱਚ ਗ੍ਰਿਫਤਾਰ ਹੋ ਕੇ ਪੰਜਾਬ ਦੀ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਨ ਨੂੰ ਵੀ ਪ੍ਰਡਕਸ਼ਨ ਵਰੰਟਾਂ ਤੇ ਹਾਸਲ ਕਰਕੇ ਅਦਾਲਤੀ ਪ੍ਰਕਿਰਿਆ ਰਾਹੀਂ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਨੇ ਆਪਣੀ ਪਹਿਲਾਂ ਗ੍ਰਿਫਤਾਰੀ ਸਮੇਂ ਇਹਨਾਂ ਟਰੇਸ ਹੋਏ ਕੇਸਾ ਵਿੱਚ ਆਪਣੀ ਸਮੂਲੀਅਤ ਛੁੱਪਾ ਲਈ ਸੀ।
ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦਸਿਆ ਕਿ ਇਹ ਅਪਰਾਧੀ ਹਰ ਤਰ੍ਹਾਂ ਦਾ ਅਪਰਾਧ ਕਰਨ ਲਈ ਤਿਆਰ ਰਹਿੰਦੇ ਹਨ। ਭੁਪਿੰਦਰ ਸਿੰਘ ਭਿੰਦਾ ਤੇ ਹਰਵਿੰਦਰ ਸਿੰਘ ਦੋਧੀ ਨੇ ਫਰਾਰ ਗੈਂਗਸਟਰ ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ ਦੀ ਹਦਾਇਤ ‘ਤੇ ਆਪਣੇ ਦੋ ਹੋਰ ਸਾਥੀਆਂ ਸਮੇਤ ਨਵੰਬਰ 2018 ਵਿੱਚ ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਚੰਗੀ ਪ੍ਰਾਪਰਟੀ ਵਾਲੇ ਇੱਕ ਡਾਕਟਰ ਤੇ ਉਸ ਦੇ ਇੱਕ ਸਾਥੀ ਨੂੰ ਉਸ ਦੀ ਜ਼ਮੀਨ ਕਿਸੇ ਪਾਰਟੀ ਨੂੰ ਦਿਖਾਉਣ ਦੇ ਬਹਾਨੇ ਸੱਦ ਕੇ ਫਿਰੋਤੀ ਲੈਣ ਲਈ ਅਗਵਾ ਕਰ ਲਿਆ ਸੀ। ਜਿਸ ਨੂੰ ਡਰਾਉਣ ਲਈ ਜਦੋਂ ਭਿੰਦਾ ਫਾਇਰ ਕਰਨ ਲੱਗਾ ਤਾਂ ਡਾਕਟਰ ਨੇ ਉਪਰ ਹੱਥ ਮਾਰਿਆ ਤੇ ਗੋਲੀ ਹਰਵਿੰਦਰ ਦੋਧੀ ਦੇ ਕੰਨ ਨੂੰ ਪਾੜਦੀ ਹੋਈ ਕਰਾਸ ਕਰ ਗਈ। ਹਫੜਾ ਦਫੜੀ ਵਿੱਚ ਡਾਕਟਰ ਤੇ ਉਸ ਦਾ ਸਾਥੀ ਬੱਚ ਨਿਕਲਣ ਵਿੱਚ ਕਾਮਯਾਬ ਹੋ ਗਏ ਸੀ। ਭੁਪਿੰਦਰ ਸਿੰਘ ਭਿੰਦੇ ਨੇ ਵਿਦੇਸ਼ ਭੱਜਣ ਲਈ ਜਾਅਲੀ ਨਾਮ ਗੁਰਪਿੰਦਰ ਸਿੰਘ ਤੇ ਫਰਜੀ ਪਾਰਟੀਕੁਲਰਜ ਨਾਲ ਬਾਹਰਲੀ ਸਟੇਟ ਤੋਂ ਆਪਣੀ ਫੋਟੋ ਵਾਲਾ ਭਾਰਤੀ ਪਾਸਪੋਰਟ ਵੀ ਜਾਰੀ ਕਰਵਾ ਲਿਆ ਸੀ। ਇਨ੍ਹਾਂ ਤਿੰਨਾਂ ਪਾਸੋਂ ਅੱਗੇ ਪੁੱਛ ਗਿੱਛ ਜਾਰੀ ਹੈ, ਹੋਰ ਵੀ ਗੰਭੀਰ ਇੰਕਸਾਫ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਦੁਖਦ ਖਬਰ : ਹਰਿਆਣਾ ਦੇ ਸਾਬਕਾ ਮੰਤਰੀ ਓਮ ਪ੍ਰਕਾਸ਼ ਜੈਨ ਦੀ ਕੋਰੋਨਾ ਨਾਲ ਹੋਈ ਮੌਤ