Chief Minister reveals : ਸੂਬੇ ਦੇ ਮੁੱਖ ਮੰਤਰੀ ਵੱਲੋਂ ਅੱਜ ਮਾਲਵਾ ਖੇਤਰ ਦੇ ਸੈਂਕੜੇ ਖਰੀਦ ਕੇਂਦਰਾਂ ਤੋਂ ਝੋਨੇ ਦੀ ਖਰੀਦ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਇਸ ਵਾਰ ਝੋਨੇ ਦੀ ਹੋਈ ਵੱਧ ਝਾੜ ਦੇ ਮੱਦੇਨਜ਼ਰ ਲਿਆ ਗਿਆ ਹੈ। ਸਰਕਾਰ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਕਾਰਨ ਕਿਸਾਨ ਸੜਕਾਂ ‘ਤੇ ਉਤਰ ਆਏ ਹਨ। ਸਰਕਾਰ ਦੇ ਇਸ ਫੈਸਲੇ ਖਿਲਾਫ ਕਿਸਾਨਾਂ ਨੇ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸਬ-ਤਹਿਸੀਲ ਲੰਬੀ ਅੱਗੇ ਡੱਬਵਾਲੀ-ਮਲੋਟ ਸੜਕ ‘ਤੇ ਜਾਮ ਲਗਾ ਦਿੱਤਾ ਹੈ।
ਕੈਪਟਨ ਵੱਲੋਂ ਜਾਰੀ ਕੀਤੇ ਗਏ ਝੋਨੇ ਦੀ ਖਰੀਦ-ਵੇਚ ਸਬੰਧੀ ਫੈਸਲੇ ਨਾਲ ਵਿਧਾਨ ਸਭਾ ‘ਚ ਫੋਕੇ ਗਏ ਸੋਧੇ ਬਿੱਲਾਂ ‘ਤੇ ਪਾਣੀ ਫੇਰ ਦਿੱਤਾ ਹੈ। ਇਥੇ ਇਹ ਦੱਸਣਯੋਗ ਹੈ ਕਿ ਲੰਬੀ ਹਲਕੇ ‘ਚ ਖਰੀਦ ਕੇਂਦਰਾਂ ‘ਤੇ ਕਿਸਾਨ ਪਿਛਲੇ ਕਾਫੀ ਦਿਨਾਂ ਤੋਂ ਝੋਨਾ ਲੈ ਕੇ ਬੈਠੇ ਹੋਏ ਹਨ ਤੇ ਅਜਿਹੇ ਸਮੇਂ ਜਦੋਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ-ਵੇਚ ਸਬੰਧੀ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਇਸ ਨਾਲਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਇਸ ‘ਤੇ ਭਾਕਿਯੂ ਉਗਰਾਹਾਂ ਦੇ ਪ੍ਰਧਾਨ ਸੁਖਦਰਸ਼ਨ ਸਿੰਘ, ਗੁਰਪਾਸ਼ ਸਿੰਘੇਵਾਲਾ ਨੇ ਦੱਸਿਆ ਕਿ ਅਜਿਹਾ ਫੈਸਲਾ ਜਾਰੀ ਕਰਕੇ ਪੰਜਾਬ ਸਰਕਾਰ ਨੇ ਆਪਣੇ ਅੰਦਰੂਨੀ ਮਨਸੂਬੇ ਸਾਹਮਣੇ ਲਿਆ ਦਿੱਤੇ ਹਨ ਤੇ ਇਹ ਸਪੱਸ਼ਟ ਹੋ ਗਿਆ ਹੈ ਕਿ ਕੈਪਟਨ ਵੱਲੋਂ ਸੋਧੇ ਗਏ ਖੇਤੀ ਬਿੱਲ ਸਿਰਫ ਇੱਕ ਡਰਾਮਾ ਹਨ ਤੇ ਕਿਸਾਨਾਂ ਦਾ ਧਿਆਨ ਵੰਢਾਉਣ ਲਈ ਅਜਿਹਾ ਕੀਤਾ ਗਿਆ ਸੀ। ਪੰਜਾਬ ਦੇ ਸਬ-ਡਿਵੀਜ਼ਨ ਪੱਧਰ ਜਾਂ ਮਾਰਕੀਟ ਦਫਤਰ ਪੱਧਰ ਦੇ ਮੁੱਖ ਯਾਰਡਾਂ ਤੋਂ ਇਲਾਵਾ ਬਾਕੀ ਸਾਰੇ ਯਾਰਡਾਂ, ਖਰੀਦ ਕੇਂਦਰਾਂ ਅਤੇ ਹੋਰ ਥਾਵਾਂ ਤੋਂ ਝੋਨੇ ਦੀ ਖਰੀਦ-ਵੇਚ, ਸਟੋਰੇਜ ਅਤੇ ਪ੍ਰੋਸੈਸਿੰਗ ਕਾਰੋਬਾਰ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਦੱਸ ਦੇਈਏ ਕਿ ਸਰਕਾਰ ਦੇ ਇਸ ਫੈਸਲੇ ਦਾ ਅਸਰ ਸਭ ਤੋਂ ਵੱਧ ਮਾਲਵਾ ਖੇਤਰ ਦੇ ਕਿਸਾਨਾਂ ’ਤੇ ਪਿਆ ਹੈ। ਝੋਨਾ ਵੇਚਣ ਲਈ ਉਨ੍ਹਾਂ ਨੂੰ ਹੁਣ ਕਈ ਕਿਲੋਮੀਟਰ ਦਾ ਸਫਰ ਤੈਅ ਕਰਨਾ ਪਏਗਾ। ਇਥੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ 30 ਨਵੰਬਰ ਤੱਕ ਝੋਨੇ ਦੀ ਖਰੀਦ ਹੋਣ ਦਾ ਐਲਾਨ ਕੀਤਾ ਹੈ। ਮਾਲਵਾ ਖੇਤਰ ਦੇ ਹਜ਼ਾਰਾਂ ਕਿਸਾਨਾਂ ਨੂੰ ਆਪਣੀ ਫਸਲ ਨੇੜਲੇ ਖਰੀਦ ਕੇਂਦਰਾਂ ਵਿੱਚ ਵੇਚਣ ਲਈ ਵੱਡੀ ਸਮੱਸਿਆ ਆ ਰਹੀ ਹੈ। ਪੰਜਾਬ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਮੁੱਖ ਯਾਰਡਾਂ ਤੋਂ ਬਿਨਾਂ ਬਾਕੀ ਦੇ ਸਾਰੇ ਸੈਂਟਰਾਂ ਵਿੱਚ ਖਰੀਦ ਨੂੰ ਇਕਦਮ ਬੰਦ ਕਰ ਦਿੱਤਾ ਹੈ।