A meeting of : ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ, ਜਿਸ ‘ਚ ਪੰਜਾਬ ਦੇ ਤਿੰਨ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸਰਕਾਰੀਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੁੱਖ ਮੰਤਰੀ ਕੈਪਟਨ ਦੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਸਮੇਤ ਦੋ ਵਿਧਾਇਕ ਵੀ ਸ਼ਾਮਲ ਹੋਏ, ਜੋ ਕਿ ਹੁਣ ਖਤਮ ਹੋ ਗਈ ਹੈ। ਇਸ ਬੈਠਕ ਸਬੰਧੀ ਜਾਣਕਾਰੀ ਦਿੰਦੇ ਹੋਏ ਰੁਲਦੂ ਸਿੰਘ ਨੇ ਦੱਸਿਆ ਕਿ ਕਿਸਾਨ ਯੂਨੀਅਨ ਵੱਲੋਂ ਅਹਿਮ ਫੈਸਲੇ ਲਏ ਗਏ ਹਨ। ਮੀਟਿੰਗ ‘ਚ ਮੰਤਰੀਆਂ ਵੱਲੋਂ ਵਾਰ-ਵਾਰ ਪੈਸੇਂਜਰ ਟ੍ਰੇਨਾਂ ਨੂੰ ਚਲਾਉਣ ਦੀ ਬੇਨਤੀ ਕੀਤੀ ਗਈ ਜਿਸ ‘ਤੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਰੇਲ ਗੱਡੀਆਂ ਨਹੀਂ ਰੋਕੀਆਂ। ਕਿਸਾਨਾਂ ਨੂੰ ਸਮਝਾਉਣ ਆਏ ਮੰਤਰੀ ਖੁਦ ਹੀ ਕਿਸਾਨਾਂ ਦੀ ਹਾਂ ‘ਚ ਹਾਂ ਮਿਲਾਉਂਦੇ ਹੋਏ ਨਜ਼ਰ ਆਏ।
ਜਿਲ੍ਹਾ ਯੂਨੀਅਨ ਦੀ ਜਿਲ੍ਹਾ ਪੱਧਰੀ ਬੈਠਕ 21 ਨੂੰ ਹੋਵੇਗੀ। 26 ਤੇ 27 ਨੂੰ ਪੰਜਾਬ ਦਾ ਕਿਸਾਨ ਦਿੱਲੀ ਜਾਵੇਗਾ ਤੇ ਟਰੈਕਟਰ ਤੇ ਟਰਾਲੀਆਂ ਵੀ ਨਾਲ ਹੋਣਗੀਆਂ। ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਰਵੱਈਆ ਬਹੁਤ ਹੀ ਅੜੀਅਲ ਰਿਹਾ ਹੈ ਜੋ ਕਿ ਨਿੰਦਾਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਵੱਲੋਂ ਪਹਿਲਕਦਮੀ ਕੀਤੀ ਜਾਵੇ ਤੇ ਮਾਲਗੱਡੀਆਂ ਨੂੰ ਚਲਾ ਦਿੱਤਾ ਜਾਵੇ ਤਾਂ ਤੁਰੰਤ ਅਸੀਂ ਬੈਠਕ ਬੁਲਾ ਕੇ ਯਾਤਰੀ ਗੱਡੀਆਂ ਚਲਾਉਣ ਬਾਰੇ ਸੋਚਾਂਗੇ। ਅੱਜ ਦੇ ਸਮੇਂ ਕਿਸਾਨ ਤੇ ਵਪਾਰੀ ਦੋਵੇਂ ਹੀ ਪ੍ਰੇਸ਼ਾਨ ਹਨ। ਕਿਸਾਨਾਂ ਨੂੰ ਖਾਧ ਨਹੀਂ ਮਿਲ ਰਹੀ। ਸੰਯੁਕਤ ਕਿਸਾਨ ਮੋਰਚਾ ਕਲ ਇਥੇ 11 ਵਜੇ ਬੈਠਕ ਕਰੇਗਾ ਕਿਉਂਕਿ ਹੁਣ 30 ਨਹੀਂ ਸਗੋਂ ਆਲ ਇੰਡੀਆ ਪੱਧਰ ‘ਤੇ ਕਈ ਜਥੇਬੰਦੀਆਂ ਸਨ ਪਰ ਹੁਣ ਇੱਕ ਮੋਰਚਾ ਬਣਾ ਦਿੱਤਾ ਗਿਆ ਹੈ।
ਰੁਲਦੂ ਸਿੰਘ ਨੇ ਕਿਹਾ ਕਿ ਰੇਲਵੇ ਸਟੇਸ਼ਨਾਂ ਦੇ ਪਾਰਕਾਂ ‘ਚ ਜੋ ਕਿਸਾਨ ਬੈਠੇ ਹਨ ਉਥੇ ਕਿਸਾਨਾਂ ਦੀ ਗਿਣਤੀ ਘੱਟ ਹੋਵੇਗੀ ਕਿਉਂਕਿ ਬਾਕੀ 26 ਤੇ 27 ਨੂੰ ਦਿੱਲੀ ਲਈ ਰਵਾਨਾ ਹੋਣਗੇ। ਪੰਜਾਬ ਦੇ ਮੰਤਰੀਆਂ ਨਾਲ ਮੁਲਾਕਾਤ ‘ਤੇ ਕਿਸਾਨਾਂ ਨੇ ਕਿਹਾ ਕਿ ਉਹ ਮੰਨ ਗਏ ਹਨ ਕਿ ਜੋ ਝੋਨੇ ਸਬੰਧੀ ਫੈਸਲਾ ਕੈਪਟਨ ਸਰਕਾਰ ਵੱਲੋਂ ਲਿਆ ਗਿਆ ਸੀ ਹੁਣ ਉਹ ਫੈਸਲਾ ਪੰਜਾਬ ਸਰਕਾਰ ਵਾਪਸ ਲਵੇਗੀ। ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਨਾਲ ਸਾਡਾ ਕੋਈ ਵਿਰੋਧੀ ਰੋਸ ਨਹੀਂ ਹੈ। ਇਸ ਲਈ ਸਾਡੇ ਰਸਤੇ ‘ਚ ਰੁਕਾਵਟ ਪੈਦਾ ਨਾ ਕਰਨ।