CM Kejriwal calls all-party meeting: ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਨੇ 19 ਨਵੰਬਰ ਯਾਨੀ ਕਿ ਅੱਜ ਸਵੇਰੇ 11 ਵਜੇ ਸਾਰੀਆਂ ਪਾਰਟੀਆਂ ਦੀ ਇੱਕ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਸੀਐਮ ਕੇਜਰੀਵਾਲ ਦਿੱਲੀ ਵਿੱਚ ਕੋਵਿਡ-19 ਦੇ ਵੱਧ ਰਹੇ ਇਨਫੈਕਸ਼ਨ ‘ਤੇ ਕਾਬੂ ਪਾਉਣ ਲਈ ਸਖਤ ਕਦਮ ਚੁੱਕਣ ਲਈ ਪਾਰਟੀ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰੇ ਕਰ ਸਕਦੇ ਹਨ। ਇਸ ਮੀਟਿੰਗ ਵਿੱਚ ਭਾਜਪਾ, ਕਾਂਗਰਸ ਸਣੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ। ਕੋਰੋਨਾ ਦੇ ਮੱਦੇਨਜ਼ਰ ਸਰਕਾਰ ਨੇ ਵਿਆਹ ਸਮਾਗਮ ਵਿੱਚ 200 ਲੋਕਾਂ ਦੀ ਗਿਣਤੀ ਘਟਾ ਕੇ 50 ਕਰ ਦਿੱਤੀ ਹੈ।
ਦਰਅਸਲ, ਰਾਜ ਸਰਕਾਰ ਦੇ ਨਾਲ-ਨਾਲ ਕੇਂਦਰ ਨੇ ਵੀ ਦਿੱਲੀ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਰੋਕਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ । ਗ੍ਰਹਿ ਮੰਤਰਾਲੇ ਨੇ ਦੱਸਿਆ ਹੈ ਕਿ ਅਰਧ ਸੈਨਿਕ ਬਲਾਂ ਦੇ 45 ਡਾਕਟਰ ਅਤੇ 160 ਡਾਕਟਰੀ ਕਰਮਚਾਰੀ ਕੋਵਿਡ -19 ਡਿਊਟੀ ਲਈ ਦਿੱਲੀ ਪਹੁੰਚੇ ਹਨ, ਜਦੋਂਕਿ ਭਾਰਤੀ ਰੇਲਵੇ ਰਾਸ਼ਟਰੀ ਰਾਜਧਾਨੀ ਨੂੰ 800 ਬੈੱਡਾਂ ਦੇ ਕੋਚ ਮੁਹੱਈਆ ਕਰਵਾਏਗੀ । DRDO ਦਿੱਲੀ ਹਵਾਈ ਅੱਡੇ ਕੋਲ ਸਥਿਤ ਕੋਵਿਡ-19 ਹਸਪਤਾਲ ਵਿੱਚ ਅਗਲੇ ਤਿੰਨ-ਚਾਰ ਦਿਨਾਂ ਵਿੱਚ ICU ਵਿੱਚ ਮੌਜੂਦਾ 250 ਬੈੱਡਾਂ ਵਿੱਚ 250 ਵਾਧੂ ਬੈੱਡ ਜੋੜਨ ਜਾ ਰਿਹਾ ਹੈ।
ਇਸ ਸਬੰਧੀ ਬੁੱਧਵਾਰ ਸ਼ਾਮ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਨੇ GTB ਹਸਪਤਾਲ ਦਾ ਦੌਰਾ ਕੀਤਾ ਹੈ। ਡਾਕਟਰਾਂ ਨੇ ਅਗਲੇ 2 ਦਿਨਾਂ ਵਿੱਚ 232 ਵਾਧੂ ਆਈਸੀਯੂ ਬੈੱਡ ਵਧਾਉਣ ਲਈ ਸਹਿਮਤ ਹੋਏ ਹਨ। ਉੱਥੇ ਹੀ ਅਗਲੇ ਕੁਝ ਦਿਨਾਂ ਵਿੱਚ ਦਿੱਲੀ ਦੇ ਸਾਰੇ ਹਸਪਤਾਲਾਂ ਵਿੱਚ 663 ਆਈਸੀਯੂ ਬੈੱਡ ਵਧਾਏ ਜਾਣਗੇ । ਕੇਂਦਰ ਸਰਕਾਰ ਵੀ 750 ਆਈਸੀਯੂ ਬੈੱਡ ਵਧਾ ਰਹੀ ਹੈ।
ਦਿੱਲੀ ਵਿੱਚ ਕੋਰੋਨਾ ‘ਤੇ ਰੋਕਥਾਮ ਲਗਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਸਣੇ ਕੇਂਦਰੀ ਸਿਹਤ ਮੰਤਰਾਲੇ ਅਤੇ ਦਿੱਲੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਮੀਟਿੰਗਾਂ ਵਿੱਚ ਇਹ ਫੈਸਲਾ ਲਿਆ ਜਾਣਾ ਹੈ ਕਿ ਕਿਸ ਤਰ੍ਹਾਂ ਰਾਜਧਾਨੀ ਵਿੱਚ ਆਰਟੀ ਪੀਸੀਆਰ ਟੈਸਟ ਨੂੰ ਵਧਾਇਆ ਜਾਵੇ ਤਾਂ ਜੋ ਕੋਰੋਨਾ ਦੇ ਜ਼ਿਆਦਾ ਤੋਂ ਜ਼ਿਆਦਾ ਕੇਸ ਫੜੇ ਜਾ ਸਕਣ ਅਤੇ ਇਸ ਦੇ ਫੈਲਣ ਨੂੰ ਰੋਕਿਆ ਜਾ ਸਕੇ। ਕੇਂਦਰੀ ਗ੍ਰਹਿ ਮੰਤਰੀ ਨੇ ਮੰਗਲਵਾਰ ਨੂੰ ਸਪੱਸ਼ਟ ਰੂਪ ਵਿੱਚ ਕਿਹਾ ਸੀ ਕਿ ਰਾਜਧਾਨੀ ਦਿੱਲੀ ਵਿੱਚ ਆਰਟੀ ਪੀਸੀਆਰ ਟੈਸਟ ਦੁਗਣਾ ਕੀਤਾ ਜਾ ਸਕਦਾ ਹੈ।
ਉੱਥੇ ਹੀ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਈਸੀਐਮਆਰ ਨੂੰ 20 ਮੋਬਾਇਲ ਟੈਸਟਿੰਗ ਲੈਬਾਂ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਦਿੱਲੀ ਸਰਕਾਰ ਦੀ ਮਦਦ ਹੋ ਸਕੇ। ਆਦੇਸ਼ ਅਨੁਸਾਰ ਆਈਸੀਐਮਆਰ ਨੂੰ ਕੁੱਲ 20 ਹਜਾਰ ਟੈਸਟ ਦੀ ਕੁੱਲ ਸਮਰੱਥਾ ਹਾਸਿਲ ਕਰਨੀ ਹੈ । ਇਸਦੀ ਸ਼ੁਰੂਆਤ ਅਗਲੇ ਹਫਤੇ ਤੋਂ ਹੋਣੀ ਹੈ। ਇਸ ਤੋਂ ਇਲਾਵਾ, ਆਈਸੀਐਮਆਰ ਦਿੱਲੀ ਦੀਆਂ ਪ੍ਰਯੋਗਸ਼ਾਲਾਵਾਂ ਦੀ ਟੈਸਟਿੰਗ ਸਮਰੱਥਾ ਨੂੰ ਹਰ ਰੋਜ਼ ਵਧਾਉਣ ਵਿੱਚ ਵੀ ਸਹਾਇਤਾ ਕਰੇਗੀ। ਇਸ ਲਈ ਮੈਨ ਪਾਵਰ ਮੁਹਈਆ ਕਰਵਾਇਆ ਜਾਵੇਗਾ।
ਇਹ ਵੀ ਦੇਖੋ: ‘Bains ਦੀ ਉਲਟੀ ਗਿਣਤੀ ਸ਼ੁਰੂ, 6 ਮਹੀਨੇ ਜ਼ਮਾਨਤ ਵੀ ਨਹੀਂ ਹੋਵੇਗੀ’