Big decision of : ਹਰਿਆਣਾ ‘ਚ ਸਕੂਲ ਖੋਲ੍ਹਣ ਤੋਂ ਬਾਅਦ ਕੋਰੋਨਾ ਦੇ ਮਾਮਲੇ ਵੱਧ ਗਏ ਹਨ। ਵਿਦਿਆਰਥੀ ਤੇ ਅਧਿਆਪਕ ਲਗਾਤਾਰ ਕੋਰੋਨਾ ਪਾਜੀਟਿਵ ਪਾਏ ਜਾ ਰਹੇ ਹਨ। ਸੂਬਾ ਸਰਕਾਰ ਨੇ ਇੱਕ ਵਾਰ ਫਿਰ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹੁਣ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲ 30 ਨਵੰਬਰ ਤੱਕ ਬੰਦ ਰਹਿਣਗੇ। ਇਸ ਦੌਰਾਨ ਸਾਰੇ ਸਕੂਲਾਂ ਨੂੰ ਸੈਨੇਟਾਈਜ ਕੀਤਾ ਜਾਵੇਗਾ। ਹਰਿਆਣਾ ‘ਚ 9 ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ 2 ਨਵੰਬਰ ਤੋਂ ਸਕੂਲ ਖੋਲ੍ਹੇ ਗਏ ਸਨ। ਮਾਪਿਆਂ ਦੀ ਇਜਾਜ਼ਤ ਨਾਲ ਹੀ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਸੀ।
ਸੂਬੇ ‘ਚ ਦੋ ਮਹੀਨੇ ਬਾਅਦ ਫਿਰ ਤੋਂ ਐਕਟਿਵ ਕੇਸ 20 ਹਜ਼ਾਰ ਤੋਂ ਵੀ ਵੱਧ ਹੋ ਗਏ ਹਨ। ਸਭ ਤੋਂ ਵੱਧ ਅਸਰ ਸਕੂਲਾਂ ‘ਚ ਦਿਖਿਆ ਹੈ। ਵੀਰਵਾਰ ਨੂੰ 56 ਬੱਚੇ ਹੋਰ ਪਾਜੀਟਿਵ ਮਿਲੇ। ਹੁਣ ਤੱਕ 333 ਸਕੂਲੀ ਬੱਚੇ ਤੇ 38 ਅਧਿਆਪਕ ਪਜੀਟਿਵ ਆ ਚੁੱਕੇ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ਨੇ ਸਕੂਲਾਂ ‘ਚ ਐਂਟਰੀ ਕਰ ਲਈ ਹੈ ਤਾਂ ਇਸ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਯੋਜਨਾ ਬਣਾਉਣਗੇ ਕਿ 1000 ਲੋਕਾਂ ‘ਤੇ 1 ਡਾਕਟਰ ਦੇ ਸਕਣ। ਰੋਹਤਕ ਪੀ. ਜੀ. ਆਈ. ‘ਚ ICU ਦੇ ਬੈੱਡ ਵੀ ਭਰ ਗਏ ਸਨ। ਇਸ ਲਈ ਨਵੇਂ ਓ. ਟੀ. ‘ਚ 66 ਬੈੱਡਾਂ ਦਾ ਆਈ. ਸੀ. ਯੂ. ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਵੱਧਦੇ ਕੇਸਾਂ ਨੂੰ ਦੇਖਦੇ ਹੋਏ ਏਮਸ ਦੀ ਅਗਵਾਈ ‘ਚ ਕੇਂਦਰ ਸਰਕਾਰ ਦੀ ਇੱਕ ਟੀਮ ਹਰਿਆਣਾ ਆਏਗੀ। ਸਿਹਤ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਨੂੰ ਵੈਕਸੀਨ ਦੀ ਡੋਜ ਕੈਂਟ ਸਿਵਲ ਹਸਪਤਾਲ ‘ਚ ਦਿੱਤੀ ਜਾਵੇਗੀ।
ਵੀਰਵਾਰ ਨੂੰ 56 ਬੱਚੇ ਪਾਜੀਟਿਵ ਮਿਲੇ। ਇਨ੍ਹਾਂ ‘ਚੋਂ ਹਿਸਾਰ ‘ਚ 15, ਰੋਹਤਕ ‘ਚ 14, ਨਾਰਨੌਲ ‘ਚ 13, ਜੀਂਦ ‘ਚ 12 ਤੇ ਰੇਵਾੜੀ ‘ਚ 2 ਬੱਚੇ ਕੋਰੋਨਾ ਪੀੜਤ ਦੇਖੇ ਗਏ। ਰੇਵਾੜੀ ‘ਚ 11 ਸਕੂਲਾਂ ਨੂੰ ਜਿਲ੍ਹਾ ਪ੍ਰਸ਼ਾਸਨ ਨੇ ਦੋ ਹਫਤਿਆਂ ਲਈ ਬੰਦ ਕਰ ਦਿੱਤਾ ਹੈ। ਸੂਬੇ ‘ਚ 315 ਬੱਚਿਆਂ ਤੇ 53 ਅਧਿਆਪਕਾਂ ਦਾ ਤਾਪਮਾਨ ਸਾਧਾਰਨ ਤੋਂ ਵੱਧ ਦੇਖਿਆ ਗਿਆ। ਹੁਣ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੇ ਗਏ ਸਕੂਲਾਂ ਨੂੰ ਸੈਨੇਟਾਈਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਮਿਲੇ ਕੋਰੋਨਾ ਦੇ 792 ਨਵੇਂ ਮਾਮਲੇ, ਹੋਈਆਂ 16 ਮੌਤਾਂ