The visible effect : ਚੰਡੀਗੜ੍ਹ : ਪਿਛਲੇ ਲਗਭਗ ਡੇਢ ਮਹੀਨੇ ਤੋਂ ਪੰਜਾਬ ‘ਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਜਿਸ ਦਾ ਅਸਰ ਹੁਣ ਖੁਦ ਕਿਸਾਨਾਂ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਖੇਤੀਬਾੜੀ ‘ਚ ਲੱਗੇ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੇ ਤੇ ਖਾਸ ਕਰਕੇ ਯੂਰੀਆ ਦੀ ਭਾਰੀ ਮੁਸ਼ਕਲ ਆ ਰਹੀ ਹੈ। ਇਸ ਦੀ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਹੈ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਪੰਜਾਬ ‘ਚ 8 ਲੱਖ ਟਨ ਯੂਰੀਆ ਖਾਦ ਨਹੀਂ ਪੁੱਜ ਸਕੀ ਹੈ। ਕਿਸਾਨ ਰਾਜਸਥਾਨ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਖਾਦ ਲੈ ਰਹੇ ਹਨ। ਖੇਤੀ ਵਿਭਾਗ ਦੇ ਵਧੀਕ ਸਕੱਤਰ ਅਨੀਰੁੱਧ ਤਿਵਾੜੀ ਅਤੇ ਨਿਦੇਸ਼ਕ ਡਾ. ਰਾਜੇਸ਼ ਵਸ਼ਿਸ਼ਟ ਹਾਲਾਤ ਦਾ ਜਾਇਜ਼ਾ ਲੈਣ ਲਈ ਜਿਲ੍ਹਿਆਂ ਦਾ ਦੌਰਾ ਕਰ ਰਹੇ ਹਨ। ਉਹ ਸ਼ੁੱਕਰਵਾਰ ਨੂੰ ਫਤਿਹਗੜ੍ਹ ਸਾਹਿਬ ਪੁੱਜੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਖਤਮ ਨਾ ਕੀਤਾ ਤਾਂ ਇਸ ਦਾ ਨੁਕਸਾਨ ਉੁਨ੍ਹਾਂ ਨੂੰ ਹੀ ਸਭ ਤੋਂ ਵੱਧ ਹੋਵੇਗਾ। ਪੰਜਾਬ ਦੀ ਆਰਥਿਕ ਸਥਿਤੀ ‘ਤੇ ਵੀ ਇਸ ਦਾ ਅਸਰ ਦਿਖੇਗਾ।
ਕਿਸਾਨ ਪਿੰਡ ਕੋਟਲਾ ਭਾਈਕਾ ਤੇ ਖੇਤੀ ਵਿਗਿਆਨ ਕੇਂਦਰ ਦਾ ਦੌਰਾਨ ਕਰਨ ਪਹੁੰਚੇ ਸਨ। ਤਿਵਾੜੀ ਨੇ ਕਿਹਾ ਕਿ ਰੇਲ ਆਵਾਜਾਈ ਠੱਪ ਹੋਣ ਨਾਲ ਅਕਤੂਬਰ ਤੇ ਨਵੰਬਰ ‘ਚ 4-4 ਲੱਖ ਟਨ ਯੂਰੀਆ ਖਾਦ ਪੰਜਾਬ ਆਉਣੀ ਸੀ ਪਰ ਹੁਣ ਤੱਕ ਨਹੀਂ ਪੁੱਜ ਸਕੀ। ਇਸ ਸਮੇਂ ਨੈਸ਼ਨਲ ਫਰਟੀਲਾਈਜਰਸ ਲਿਮਟਿਡ (NFL) ਦੇ ਨੰਗਲ ਤੇ ਬਠਿੰਡਾ ‘ਚ ਦੋ ਪਲਾਂਟ ਚੱਲ ਰਹੇ ਹਨ। ਦੋਵਾਂ ਦੀ ਸਮਰੱਥਾ ਸਿਰਫ 60 ਹਜ਼ਾਰ ਟਨ ਉਤਪਾਦਨ ਦੀ ਹੈ। ਖੇਤੀ ਵਿਭਾਗ ਕੋਲ ਜਿੰਨੀ ਯੂਰੀਆ ਖਾਦ ਉਪਲਬਧ ਹੈ, ਉਹ ਟਰੱਕਾਂ ਰਾਹੀਂ ਜਿਲ੍ਹਿਆਂ ‘ਚ ਭੇਜੀ ਜਾ ਰਹੀ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਕਿਸਾਨ ਵੀ ਪ੍ਰੇਸ਼ਾਨ ਹਨ। ਜਿਲ੍ਹੇ ਦੇ ਦੁਕਾਨਦਾਰਾਂ ਕੋਲ ਸਟਾਕ ਨਹੀਂ ਹੈ। ਹੁਸ਼ਿਆਰਪੁਰ ‘ਚ ਵੀ ਕਿਸਾਨ ਹਿਮਾਚਲ ਪ੍ਰਦੇਸ਼ ਤੋਂ ਖਾਦ ਲਿਆ ਰਹੇ ਹਨ।
ਕਿਸਾਨਾਂ ਦਾ ਦੋਸ਼ ਹੈ ਕਿ ਵਪਾਰੀ ਕਾਲਾਬਾਜ਼ਾਰੀ ਕਰ ਰਹੇ ਹਨ। 270 ਰੁਪਏ ‘ਚ ਮਿਲਣ ਵਾਲਾ ਬੈਗ ਹੁਣ 375 ਤੋਂ 425 ਰੁਪਏ ਤੱਕ ਮਿਲ ਰਿਹਾ ਹੈ। ਫਿਰੋਜ਼ਪੁਰ ‘ਚ ਵੀ ਪ੍ਰਤੀ ਬੈਗ ‘ਤੇ 100-150 ਰੁਪਏ ਵੱਧ ਵਸੂਲੇ ਜਾ ਰਹੇ ਹਨ। ਤਰਨਤਾਰਨ ਜਿਲ੍ਹੇ ਦੇ ਡੇਰਾ ਸਾਹਿਬ ‘ਚ ਖਾਦ ਸਟੋਰ ਦੇ ਡੀਲਰ ‘ਤੇ ਕਾਲਾਬਾਜ਼ਾਰੀ ਦਾ ਦੋਸ਼ ਲਗਾਉਂਦੇ ਹੋਏ ਕਿਸਾਨਾਂ ਨੇ ਚੌਕੀ ਡੇਰਾ ਸਾਹਿਬ ਦਾ ਘੇਰਾਓ ਕੀਤਾ। ਮੱਖੂ ਦੇ ਇੱਕ ਕਿਸਾਨ ਨੇ ਦੱਸਿਆ ਕਿ ਸ਼ੁਰੂਆਤ ‘ਚ ਟਰੱਕਾਂ ਦੇ ਟਰੱਕ ਭਰ ਕੇ ਯੂਰੀਆ ਰਾਜਸਥਾਨ ਤੇ ਹਰਿਆਣਾ ਤੋਂ ਲਿਆਂਦਾ ਗਿਆ ਪਰ ਬਾਅਦ ‘ਚ ਸਖਤੀ ਹੋਣ ਕਾਰਨ ਹੁਣ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਤੋਂ ਖਾਦ ਲਿਆ ਰਹੇ ਹਨ। ਜੇਕਰ 25 ਨਵੰਬਰ ਤੱਕ ਹੋਰ ਖਾਦ ਨਹੀਂ ਆਈ ਤਾਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਅੱਜ ਮੁੱਖ ਮੰਤਰੀ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਣੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਮਾਲਗੱਡੀਆਂ ਤੇ ਪੈਸੇਂਜਰ ਗੱਡੀਆਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Lockdown ‘ਚ RCF ਕਪੂਰਥਲਾ ਨੇ ਬਣਾ ਦਿੱਤਾ ਦੇਸ਼ ਦਾ ਪਹਿਲਾ ਹਾਈਸਪੀਡ ਡਬਲ ਡੈਕਰ ਕੋਚ