Government jobs obtained : ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਾਅਲੀ ਡਾਕੂਮੈਂਟ ਬਣਾ ਕੇ ਸਰਕਾਰੀ ਨੌਕਰੀ ਹਾਸਲ ਕਰਨ ਦੇ ਮਾਮਲੇ ਰੁਕ ਨਹੀਂ ਰਹੇ ਹਨ। ਪੰਜਾਬ ਦੇ ਜਿਲ੍ਹਾ ਮੋਹਾਲੀ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਪੁਲਿਸ ਤੇ ਪਾਸਪੋਰਟ ਦਫਤਰ ਨਾਲ ਜੁੜਿਆ ਹੈ। ਪੀ. ਐੱਸ. ਈ. ਬੀ. ‘ਚ ਦੋਵੇਂ ਵਿਭਾਗਾਂ ਤੋਂ ਪੁੱਜੇ ਸਰਟੀਫਿਕੇਟਾਂ ਦੀ ਜਾਂਚ ‘ਚ ਇਨ੍ਹਾਂ ਦੀ ਪੋਲ ਖੁੱਲ੍ਹੀ ਤਾਂ ਬੋਰਡ ਨੇ ਦੋਵਾਂ ਦੇ ਡਾਕੂਮੈਂਟਸ ਨੂੰ ਜ਼ਬਤ ਕਰ ਲਿਆ। ਨਾਲ ਹੀ ਉਕਤ ਲੋਕਾਂ ਨੂੰ ਆਪਣੇ ਰਿਕਾਰਡ ‘ਚ ਕਾਲੀ ਸੂਚੀ ‘ਚ ਵੀ ਪਾ ਦਿੱਤਾ ਗਿਆ ਹੈ।
PSEB ਵੱਲੋਂ ਦੋਵੇਂ ਵਿਭਾਗਾਂ ਨੂੰ FIR ਦਰਜ ਕਰਨ ਲਈ ਪੱਤਰ ਵੀ ਲਿਖਿਆ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਐੱਸ. ਐੱਸ. ਪੀ. ਆਫਿਸ ਹੁਸ਼ਿਆਰਪੁਰ ਤੇ ਖੇਤਰੀ ਪਾਸਪੋਰਟ ਦਫਤਰ ਚੰਡੀਗੜ੍ਹ ਤੋਂ ਪਹੁੰਚੇ ਦੋ ਸਰਟੀਫਿਕੇਟ ਜਾਂਚ ‘ਚ ਨਕਲੀ ਨਿਕਲੇ। ਐੱਸ. ਐੱਸ. ਪੀ. ਦਫਤਰ ਹੁਸ਼ਿਆਰਪੁਰ ਤੋਂ ਆਇਆ ਸਰਟੀਫਿਕੇਟ 10ਵੀਂ ਕਲਾਸ ਦਾ ਸੀ। ਇਹ ਮਾਰਚ 2004 ਦਾ ਬਣਿਆ ਹੋਇਆ ਸੀ। ਬੋਰਡ ਦੇ ਰਿਕਾਰਡ ‘ਚ ਇਹ ਜਾਅਲੀ ਪਾਇਆ ਗਿਆ। ਬੋਰਡ ਨੇ ਹੁਸ਼ਿਆਰਪੁਰ ਨੂੰ ਪੱਤਰ ਲਿਖ ਕੇ ਦੱਸਿਆ ਕਿ ਉਕਤ ਵਿਅਕਤੀ ਨੇ ਨਕਲੀ ਸਰਟੀਫਿਕੇਟਾਂ ਦੇ ਆਧਾਰ ‘ਤੇ ਨੌਕਰੀ ਹਾਸਲ ਕੀਤੀ ਸੀ। ਉਸ ਦਾ ਪ੍ਰਮਾਣ ਪੱਤਰ ਬੋਰਡ ਵੱਲੋਂ ਜ਼ਬਤ ਕਰ ਲਿਆ ਗਿਆ ਹੈ। ਅਜਿਹੇ ‘ਚ ਉਸ ‘ਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇ।
ਇਸੇ ਤਰ੍ਹਾਂ ਦੂਜਾ ਸਰਟੀਫਿਕੇਟ ਪਾਸਪੋਰਟ ਦਫਤਰ ਚੰਡੀਗੜ੍ਹ ਤੋਂ ਮਿਲਿਆ ਸੀ। ਇਹ ਸਾਲ 1991 ਦਾ ਸੀ। ਇਹ ਵੀ ਰਿਕਾਰਡ ‘ਚ ਫਰਜ਼ੀ ਨਿਕਲਿਆ ਅਤੇ ਇਸ ਨੂੰ ਵੀ ਬੋਰਡ ਨੇ ਜ਼ਬਤ ਕਰ ਲਿਆ ਹੈ। ਬੋਰਡ ਦੇ ਸੀਨੀਅਰ ਕਾਨੂੰਨੀ ਸਲਾਹਕਾਰ ਤੇ ਸਕੱਤਰ ਵੱਲੋਂ ਇਸ ਬਾਰੇ ਹੁਕਮ ਜਾਰੀ ਕੀਤੇ ਗਏ ਹਨ। PSEB ਵੱਲੋਂ ਹਰ ਮਹੀਨੇ 2000 ਜਾਅਲੀ ਸਰਟੀਫਇਕੇਟ ਜਾਂਚ ਲਈ ਕੇਂਦਰ ਤੇ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਆਉਂਦੇ ਹਨ। ਇਸ ‘ਚ ਜੋ ਸਰਟੀਫਿਕੇਟ ਜਾਅਲੀ ਨਿਕਲਦੇ ਹਨ, ਉਨ੍ਹਾਂ ਨੂੰ ਬੋਰਡ ਜ਼ਬਤ ਕਰਕੇ ਰਿਕਾਰਡ ਵੈੱਬਸਾਈਟ ‘ਤੇ ਅਪਲੋਡ ਕਰ ਦਿੰਦਾ ਹੈ। ਬੋਰਡ ਦੀ ਸਾਲਾਨਾ 10ਵੀਂ ਤੇ 12ਵੀਂ ਦੀ ਪ੍ਰੀਖਿਆ ‘ਚ 7 ਲੱਖ ਦੇ ਲਗਭਗ ਵਿਦਿਆਰਥੀ ਹੁੰਦੇ ਹਨ ਜੋ ਹਰ ਸਾਲ ਪ੍ਰੀਖਿਆ ਪਾਸ ਕਰਕੇ ਵੱਖ-ਵੱਖ ਖੇਤਰਾਂ ‘ਚ ਆਪਣਾ ਕੈਰੀਅਰ ਬਣਾਉਂਦੇ ਹਨ। ਇਸ ਤੋੰ ਪਹਿਲਾਂ ਵੀ ਬੋਰਡ ‘ਚ ਪ੍ਰਮਾਣ ਪੱਤਰ ਜਾਂਚ ‘ਚ ਕਈ ਕੇਸ ਫੜੇ ਗਏ ਹਨ।