Chandigarh administration : ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਮੌਕੇ ਚੰਡੀਗੜ੍ਹ ‘ਚ 28 ਨਵੰਬਰ ਨੂੰ ਨਗਰ ਕੀਰਤਨ ਕੱਢਣ ਦੀ ਚੰਡੀਗੜ੍ਹ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਹੈ। ਸ੍ਰੀ ਸਿੰਘ ਸਾਹਿਬਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਸਿੱਖ ਸਮੁਦਾਇ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਭਗ 15 ਦਿਨ ਪਹਿਲਾਂ ਤੋਂ ਹੀ ਤਿਆਰੀਆਂ ‘ਚ ਲੱਗ ਗਏ ਸਨ। ਇਸ ਲਈ ਸਾਰੀਆਂ ਸਭਾਵਾਂ ਨੇ ਪਲਾਨਿੰਗ ਵੀ ਕਰ ਲਈ ਹੈ ਕਿ ਕਿਸ ਤਰ੍ਹਾਂ ਕੋਵਿਡ-19 ਨਿਯਮਾਂ ਦੀ ਪਾਲਣਾ ਕਰਦੇ ਹੋਏ ਨਗਰ ਕੀਰਤਨ ਕਢਿਆ ਜਾਵੇਗਾ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-19 ਦੇ ਜਨਰਲ ਸੈਕ੍ਰੇਟਰੀ ਇੰਦਰਬੀਰ ਸਿੰਘ ਨੇ ਦੱਸਿਆ ਕਿ ਗੁਰਪੁਰਬ ‘ਤੇ ਨਗਰ ਕੀਰਤਨ ਕੱਢੇ ਜਾਣ ਲਈ ਚੰਡੀਗੜ੍ਹ ਪ੍ਰਸ਼ਾਸਨ ਕੋਲ ਅਪਲਾਈ ਕੀਤਾ ਹੋਇਆ ਸੀ ਜਿਸ ਦੀ ਮਨਜ਼ੂਰੀ ਸ਼ੁੱਕਰਵਾਰ ਨੂੰ ਦੇਰ ਰਾਤ ਜਾਰੀ ਕੀਤੀ ਗਈ ਸੀ। ਨਗਰ ਕੀਰਤਨ ‘ਚ ਇਸ ਵਾਰ ਕੁਝ ਬੰਦਿਸ਼ ਜ਼ਰੂਰ ਹੋਵੇਗੀ ਜਿਵੇਂ ਕਿ ਇਸ ਵਾਰ ਨਗਰ ਕੀਰਤਨ ‘ਚ ਸਕੂਲੀ ਬੱਚੇ ਨਹੀਂ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਨਗਰ ਕੀਰਤਨ ‘ਚ ਵੱਖ-ਵੱਖ ਸਕੂਲਾਂ ਤੋਂ ਲਗਭਗ 5000 ਬੱਚੇ ਹਿੱਸਾ ਲੈਂਦੇ ਸਨ ਅਤੇ ਵੱਖ-ਵੱਖ ਗਤੀਵਿਧੀਆਂ ਨਾਲ ਸੰਗਤ ਦਾ ਮਨ ਮੋਹ ਲੈਂਦੇ ਸਨ ਪਰ ਇਸ ਵਾਰ ਇਹ ਸਾਰਾ ਕੁਝ ਨਹੀਂ ਹੋਵੇਗਾ। ਕਿਉਂਕਿ ਬੱਚਿਆਂ ਦੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਕੀਤਾ ਜਾਵੇਗਾ। ਗਤਕਾ ਪਾਰਟੀਆਂ ਵੀ ਨਗਰ ਕੀਰਤਨ ‘ਚ ਸ਼ਾਮਲ ਨਹੀਂ ਹੋਣਗੀਆਂ।
ਇੰਦਰਬੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਨਿਯਮਾਂ ਦੀ ਅਣਦੇਖੀ ਨਾ ਹੋਵੇ, ਇਸ ਲਈ ਸਪੈਸ਼ਲ ਸੇਵਾਦਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਬਾਬਾ ਜੀ ਦੀ ਪਾਲਕੀ ਕੋਲ ਦਰਸ਼ਨ ਕਰਨ ਅਤੇ ਪ੍ਰਸਾਦ ਆਉਣ ਵਾਲੀ ਸੰਗਤ ਦੇ ਸੇਵਾਦਾਰਾਂ ਵੱਲੋਂ ਹੱਥਾਂ ਨੂੰ ਸੈਨੇਟਾਈਜ ਕਰਵਾਏ ਜਾਣਗੇ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਪਾਲਕੀ ਕੋਲ ਜਾਣ ਦੀ ਇਜਾਜ਼ਤ ਹੋਵੇਗੀ। ਸਰਕਾਰੀ ਨਿਯਮਾਂ ਦੇ ਤਹਿਤ ਫੇਸ ਮਾਸਕ, ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਨਗਰ ਕੀਰਤਨ ਦੌਰਾਨ ਮਾਈਕ ਦੁਆਰਾ ਲੋਕਾਂ ਨੂੰ ਵੀ ਸਰਕਾਰੀ ਨਿਯਮਾਂ ਦੀ ਪਾਲਣਾ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਸਾਰੇ ਚੰਡੀਗੜ੍ਹ ਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਕਿ ਕੋਵਿਡ-19 ਦੇ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਤੋਂ ਪਾਲਣਾ ਕੀਤੀ ਜਾਵੇ।