Corpses exchanged hospital : ਜਲੰਧਰ : ਉਂਝ ਤਾਂ ਹਸਪਤਾਲਾਂ ਦੀਆਂ ਲਾਪ੍ਰਵਾਹੀਆਂ ਦੇ ਵੱਡੇ-ਵੱਡੇ ਕਾਰਨਾਮੇ ਨਿਤ ਦਿਨ ਸੁਣਨ ਨੂੰ ਮਿਲਦੇ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਸਾਹਮਣੇ ਆਇਆ, ਜਿਥੇ ਦੋ ਲਾਸ਼ਾਂ ਦੀ ਅਦਲਾ ਬਦਲੀ ਕਰ ਦਿੱਤੀ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ‘ਚੋਂ ਇੱਕ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਸ਼ੋਰ ਮਚਾਇਆ ਗਿਆ ਤਾਂ ਹਸਪਤਾਲ ਪ੍ਰਬੰਧਕਾਂ ਨੇ sorry ਕਹਿ ਕੇ ਆਪਣਾ ਪੱਲਾ ਝਾੜ ਲਿਆ। ਰਾਤ ਤੱਕ ਹਸਪਤਾਲ ‘ਚ ਹੰਗਾਮਾ ਹੁੰਦਾ ਰਿਹਾ।
ਮਿਲੀ ਜਾਣਕਾਰੀ ਮੁਤਾਬਕ ਮਾਡਲ ਹਾਊਸ ਦੇ ਤਰਸੇਮ ਲਾਲ ਤੇ ਫਗਵਾੜਾ ਦੇ ਜਸਪਾਲ ਸਿੰਘ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਹਸਪਤਾਲ ਪ੍ਰਬੰਧਕਾਂ ਨੇ ਕੋਰੋਨਾ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਲਾਸ਼ਾਂ ਸ਼ਮਸ਼ਾਨਘਾਟ ਭੇਜ ਦਿੱਤੀਆਂ। ਗਲਤੀ ਇਹ ਹੋਈ ਕਿ ਮਾਡਲ ਹਾਊਸ ਦੇ ਤਰਸੇਮ ਦੀ ਲਾਸ਼ ਫਗਵਾੜਾ ਤੇ ਫਗਵਾੜਾ ਦੇ ਜਸਪਾਲ ਦੀ ਲਾਸ਼ ਮਾਡਲ ਹਾਊਸ ਦੇ ਤਰਸੇਮ ਦੇ ਪਰਿਵਾਰ ਕੋਲ ਪੁੱਜ ਗਈ। ਜਸਪਾਲ ਦੇ ਪਰਿਵਾਰਕ ਮੈਂਬਰਾਂ ਨੇ ਤਰਸੇਮ ਦਾ ਅੰਤਿਮ ਸਸਕਾਰ ਕਰ ਦਿੱਤਾ ਅਤੇ ਜਦੋਂ ਤਰਸੇਮ ਦੇ ਪਰਿਵਾਰ ਵਾਲਿਆਂ ਨੇ ਆਪਣੇ ਮਰੀਜ਼ ਦੀ ਲਾਸ਼ ਦੇਖੀ ਤਾਂ ਉਹ ਦੰਗ ਰਹਿ ਗਏ। ਉਹ ਲਾਸ਼ ਜਸਪਾਲ ਦੀ ਸੀ। ਉਨ੍ਹਾਂ ਨੇ ਉਸੇ ਸਮੇਂ ਸੰਸਕਾਰ ਰੋਕਿਆ ਤੇ ਹਸਪਤਾਲ ਨਾਲ ਸੰਪਰਕ ਕੀਤਾ।
ਹਸਪਤਾਲ ਨੇ ਜਸਪਾਲ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਤਰਸੇਮ ਦਾ ਸਸਕਾਰ ਕਰ ਚੁੱਕੇ ਹਨ। ਉਥੇ ਨਿੱਜੀ ਹਸਪਤਾਲ ਦੇ ਡਾਕਟਰ ਨੇ ਪੱਲਾ ਝਾੜਦੇ ਹੋਏ ਕਿਹਾ ਕਿ ਜਸਪਾਲ ਦੀ ਲਾਸ਼ ਨੂੰ ਲੈਣ ਲਈ ਉਸ ਦਾ ਦੂਰ ਦਾ ਰਿਸ਼ਤੇਦਾਰ ਆਇਆ ਸੀ। ਉਸ ਨੇ ਸ਼ਨਾਖਤ ਕੀਤੀ ਤੇ ਉਹ ਸ਼ਮਸ਼ਾਨਘਾਟ ‘ਚ ਬਿਨਾਂ ਦੇਖੇ ਸਸਕਾਰ ਕਰ ਦਿੱਤਾ। ਇਸ ਪੂਰੀ ਘਟਨਾ ਲਈ ਹਸਪਤਾਲ ਦੇ ਪ੍ਰਬੰਧਕਾਂ ਨੇ ਮੁਆਫੀ ਮੰਗੀ। ਆਖਿਰ ਮਾਮਲਾ ਤਾਂ ਸੁਲਝ ਗਿਆ ਪਰ ਕਦੋਂ ਤੱਕ ਹਸਪਤਾਲਾਂ ਦੀ ਕੀਤੀ ਗਈ ਲਾਪ੍ਰਵਾਹੀ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪਵੇਗਾ? ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।