Corona cases are : ਚੰਡੀਗੜ੍ਹ : ਸ਼ਹਿਰ ਦੇ ਆਲ ਵੈਦਰ ਸਵੀਮਿੰਗ ਪੂਲ ਅਜੇ ਨਹੀਂ ਖੁੱਲ੍ਹਣਗੇ। ਲਗਾਤਾਰ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਯੂਨੀਵਰਸਿਟੀ ਦੇ ਸਪੋਰਟਸ ਡਿਪਾਰਟਮੈਂਟ ਨੇ ਅਜੇ ਆਪਣੇ ਸੈਂਟਰ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਹੈ, ਉਥੇ ਯੂ. ਟੀ. ਸਪੋਰਟਸ ਵਿਭਾਗ ਨੇ ਵੀ ਅਜੇ ਆਪਣਾ ਸੈਕਟਰ-23 ਸਥਿਤ ਆਲ ਵੈਦਰ ਸਵੀਮਿੰਗ ਪੂਲ ਨਹੀਂ ਖੋਲ੍ਹੇ ਹਨ। ਜ਼ਿਕਰਯੋਗ ਹੈ ਕਿ ਲੌਕਡਾਊਨ ਤੋਂ ਬਾਅਦ ਸਵੀਮਿੰਗ ਪੂਲ ਬੰਦ ਹਨ। ਅਨਲਾਕ-5 ‘ਚ ਪ੍ਰਸ਼ਾਸਨ ਨੇ ਸਵੀਮਿੰਗ ਪੂਲ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਯੂ. ਟੀ. ਸਪੋਰਟਸ ਡਿਪਾਰਟਮੈਂਟ ਨੇ ਆਪਣੇ ਸਵੀਮਿੰਗ ਪੂਲਾਂ ਦੀ ਸਫਾਈ ਕਰਵਾ ਕੇ ਇਨ੍ਹਾਂ ਨੂੰ ਮੈਡਲ ਜੇਤੂ ਖਿਡਾਰੀਆਂ ਲਈ ਖੋਲ੍ਹਣ ਦਾ ਵੀ ਐਲਾਨ ਕਰ ਦਿੱਤਾ ਸੀ।
ਪੰਜਾਬ ਯੂਨੀਵਰਸਿਟੀ ਦੇ ਸਵੀਮਿੰਗ ਕੋਚ ਗੁਰਚਰਨਜੀਤ ਸਿੰਘ ਨੇ ਦੱਸਿਆ ਕਿ ਅਨਲਾਕ-5 ‘ਚ ਆਲ ਵੈਦਰ ਸਵੀਮਿੰਗ ਪੂਲ ਨੂੰ ਖੋਲ੍ਹਣ ਦੀ ਇਜ਼ਾਜਤ ਮਿਲਣ ਤੋਂ ਬਾਅਦ ਅਸੀਂ ਸਾਰੇ ਖੁਸ਼ ਸੀ। ਅਸੀਂ ਸਵੀਮਿੰਗ ਪੂਲ ਨੂੰ ਸਾਫ ਕਰਵਾ ਕੇ ਉਸ ‘ਚ ਪਾਣੀ ਵੀ ਭਰਵਾ ਦਿੱਤਾ ਸੀ ਪਰ ਕੋਰੋਨਾ ਦੇ ਲਗਾਤਾਰ ਮਾਮਲੇ ਵਧ ਰਹੇ ਹਨ। ਇਸ ਨੂੰ ਦੇਖਦੇ ਹੋਏ ਪੀ. ਯੂ. ਸਪੋਰਟਸ ਡਿਪਾਰਟਮੈਂਟ ਨੇ ਅਜੇ ਸਵੀਮਿੰਗ ਪੂਲ ਖੋਲ੍ਹਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਫਿਲਹਾਲ ਖਿਡਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਸੀਂ ਹਾਲਾਤ ਸਾਧਾਰਨ ਹੋਣ ਦਾ ਇੰਤਜ਼ਾਰ ਕਰਾਂਗੇ।
ਯੂ. ਟੀ. ਸਪੋਰਟਸ ਡਿਪਾਰਟਮੈਂਟ ਦੇ ਜਿਲ੍ਹਾ ਖੇਡ ਅਧਿਕਾਰੀ ਰਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਅਨਲਾਕ-5 ‘ਚ ਆਲ ਵੈਦਰ ਸਵੀਮਿੰਗ ਪੂਲ ਨੂੰ ਖੋਲ੍ਹਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਅਸੀਂ ਸਵੀਮਿੰਗ ਪੂਲ ਦੇ ਰੱਖ-ਰਖਾਅ ਦਾ ਟੈਂਡਰ ਵੀ ਕੱਢ ਦਿੱਤਾ ਸੀ ਪਰ ਪਿਛਲੇ ਇੱਕ ਹਫਤੇ ਤੋਂ ਸ਼ਹਿਰ ‘ਚ ਰੋਜ਼ਾਨਾ 150 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਹਫਤੇ ਭਰ ‘ਚ 7 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਲਈ ਸਵੀਮਿੰਗ ਪੂਲ ਖੋਲ੍ਹਣਾ ਸੁਰੱਖਿਅਤ ਨਹੀਂ ਲੱਗ ਰਿਹਾ ਹੈ, ਜਿਸ ਕਰਕੇ ਪ੍ਰਸ਼ਾਸਨ ਵੱਲੋਂ ਸਵੀਮਿੰਗ ਪੂਲ ਨਾ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ।