325 Sikh pilgrims : ਅੰਮ੍ਰਿਤਸਰ : 30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸ਼ਰਧਾਲੂਆਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਵਿਖੇ ਸਥਿਤ ਸ੍ਰੀ ਨਨਕਾਣਾ ਸਾਹਿਬ ‘ਚ ਸ਼ਰਧਾਲੂਆਂ ਦੇ ਜਥੇ ਨੂੰ ਜਾਣ ਦੀ ਇਜਾਜ਼ਤ ਮਿਲ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ 504 ਸ਼ਰਧਾਲੂਆਂ ਦੇ ਪਾਸਪੋਰਟ ਪਾਕਿਸਤਾਨ ਦੂਤਾਘਰ ‘ਚ ਭੇਜੇ ਗਏ ਸਨ ਜਿਨ੍ਹਾਂ ‘ਚੋਂ ਸਿਰਫ 325 ਨੂੰ ਹੀ ਇਜਾਜ਼ਤ ਮਿਲ ਸਕੀ ਹੈ। ਖਾਸ ਗੱਲ ਇਹ ਵੀ ਹੈ ਕਿ ਕੋਰੋਨਾ ਕਾਲ ਤੋਂ ਪਹਿਲਾਂ ਸਿੱਖ ਸ਼ਰਧਾਲੂਆਂ ਨੂੰ 10 ਦਿਨ ਦਾ ਵੀਜ਼ਾ ਦਿੱਤਾ ਜਾਂਦਾ ਸੀ ਪਰ ਇਸ ਵਾਰ ਸਿਰਫ 5 ਦਿਨ ਦਾ ਵੀਜ਼ਾ ਹੀ ਮਨਜ਼ੂਰ ਕੀਤਾ ਗਿਆ ਹੈ। ਸਿੱਖ ਸ਼ਰਧਾਲੂ ਵਾਹਗਾ ਬਾਰਡਰ ਰਾਹੀਂ 27 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ ਅਤੇ 1 ਦਸੰਬਰ ਨੂੰ ਵਤਨ ਵਾਪਸੀ ਕਰਨਗੇ।
ਪ੍ਰਕਾਸ਼ ਪੁਰਬ ‘ਤੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਕੋਰੋਨਾ ਟੈਸਟ ਕਰਵਾਏ ਜਾ ਰਹੇ ਹਨ। ਇਹ ਟੈਸਟ ਸਿਹਤ ਵਿਭਾਗ ਤੇ SGPC ਵੱਲੋਂ ਮਿਲ ਕੇ ਕਰਵਾਏ ਜਾ ਰਹੇ ਹਨ। ਐੱਸ. ਜੀ. ਪੀ. ਸੀ. ਮੁਤਾਬਕ ਜਥੇ ‘ਚ ਜਾਣ ਵਾਲੇ ਸਾਰੇ ਸ਼ਰਧਾਲੂਆਂ ਲਈ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ ਤੇ ਜਿਹੜਾ ਟੈਸਟ ਨਹੀਂ ਕਰਵਾਏਗਾ ਉਸ ਲਈ ਅੱਗੇ ਮੁਸ਼ਕਲਾਂ ਹੋ ਸਕਦੀਆਂ ਹਨ। ਇਸੇ ਲਈ ਸ਼ਰਧਾਲੂ ਕੋਰੋਨਾ ਟੈਸਟ ਕਰਵਾਉਣ ਲਈ ਪਹੁੰਚ ਰਹੇ ਹਨ। ਐੱਸ. ਜੀ. ਪੀ. ਸੀ. ਆਫਿਸ ਤੋਂ ਇਹ ਜਥਾ ਰਵਾਨਾ ਹੋਵੇਗਾ। ਇਹ ਜਥਾ ਅਟਾਰੀ ਸੜਕ ਸਰਹੱਦ ਦੇ ਰਸਤੇ ਤੋਂ ਪਾਕਿਸਤਾਨ ਨੂੰ ਰਵਾਨਾ ਹੋਵੇਗਾ। ਕੋਰੋਨਾ ਕਾਲ ‘ਚ ਪਾਕਿਸਤਾਨ ਜਾਣ ਵਾਲਾ ਇਹ ਪਹਿਲਾ ਜੱਥਾ ਹੋਵੇਗਾ।
ਪੀ. ਐੱਸ. ਜੀ. ਪੀ. ਸੀ. ਦੇ ਪ੍ਰਧਾਨ ਸਤਵੰਤ ਸਿੰਘ ਮੁਤਾਬਕ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਕਰਵਾਉਣੇ ਲਾਜ਼ਮੀ ਹੋਣਗੇ। ਵਾਹਗਾ ਸਰਹੱਦ ‘ਤੇ ਸਾਰੇ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਦੀ ਜਾਂਚ ਹੋਵੇਗੀ। ਪੀ. ਐੱਸ. ਜੀ. ਪੀ. ਸੀ. ਕੋਰੋਨਾ ਵਾਇਰਸ ਦੇ ਸਾਰੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰੇਗੀ ਤਾਂ ਜੋ ਸ਼ਰਧਾਲੂਆਂ ਨੂੰ ਦਰਸ਼ਨ ਵੀ ਹੋ ਸਕਣ ਤੇ ਕੋਰੋਨਾ ਦੀ ਲਾਗ ਤੋਂ ਵੀ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਦਿੱਲੀ ਚੱਲੇ ਕਿਸਾਨਾਂ ਦੀਆਂ ਫੁੱਲ ਬਟਾ ਫੁੱਲ ਤਿਆਰੀ, ‘Luxury’ ਟਰਾਲੀਆਂ ‘ਚ ਦੇਖੋ ਕੀ-ਕੀ ਸਹੂਲਤਾਂ…