CM announces ex-gratia : ਚੰਡੀਗੜ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਹੀਦ ਸਿਪਾਹੀ ਸੁਖਬੀਰ ਸਿੰਘ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ 50 ਲੱਖ ਦਾ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਸੁਖਬੀਰ ਸਿੰਘ 18 ਜੇ.ਏ.ਕੇ. ਆਰ.ਆਈ.ਐਫ. ਦੇ ਸਿਪਾਹੀ ਵਜੋਂ ਤਾਇਨਾਤ ਸੀ। ਉਹ ਅਜੇ 2 ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ ਅਤੇ ਅੱਜ ਸਵੇਰੇ ਲਗਭਗ 5.30 ਵਜੇ ਪਾਕਸਿਤਾਨ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਉਹ ਸ਼ਹੀਦ ਹੋ ਗਿਆ। ਉਹ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੇ ਸੁੰਦਰਬਨੀ ਇਲਾਕੇ ਵਿੱਚ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨ ਸੈਨਾ ਵੱਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ ਵਿੱਚ ਸ਼ਹੀਦ ਹੋ ਗਿਆ ਸੀ। ਸਿਪਾਹੀ ਸੁਖਬੀਰ ਸਿੰਘ ਤਰਨ ਤਾਰਨ ਜ਼ਿਲੇ ਦੀ ਤਹਿਸੀਲ ਖਡੂਰ ਸਾਹਿਬ ਦੇ ਪਿੰਡ ਖੁਵਾਸਪੁਰ ਦਾ ਰਹਿਣ ਵਾਲਾ ਸੀ। ਉਹ ਆਪਣੇ ਪਿੱਛੇ ਪਿਤਾ ਕੁਲਵੰਤ ਸਿੰਘ, ਮਾਤਾ ਜਸਬੀਰ ਕੌਰ, ਵਿਆਹੁਤਾ ਭਰਾ ਕੁਲਦੀਪ ਸਿੰਘ ਅਤੇ ਦੋ ਭੈਣਾਂ ਦਵਿੰਦਰ ਕੌਰ (ਵਿਆਹੀ) ਤੇ ਕੁਲਵਿੰਦਰ ਕੌਰ (ਅਣਵਿਆਹੀ) ਨੂੰ ਛੱਡ ਗਿਆ।
ਮੁੱਖ ਮੰਤਰੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨਾਲ ਹੀ ਦੁਖੀ ਪਰਿਵਾਰ ਨਾਲ ਆਪਣੀ ਹਮਦਰਦੀ ਵੀ ਪ੍ਰਗਟ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ 22 ਸਾਲਾਂ ਸਿਪਾਹੀ ਸੁਖਬੀਰ ਸਿੰਘ ਇੱਕ ਬਹਾਦਰ ਤੇ ਉਤਸ਼ਾਹੀ ਸੈਨਿਕ ਸੀ। ਦੇਸ਼ ਇਸ ਸੈਨਿਕ ਦੀ ਮਹਾਨ ਕੁਰਬਾਨੀ ਅਤੇ ਡਿਊਟੀ ਪ੍ਰਤੀ ਸਮਰਪਣ ਭਾਵਨਾ ਨੂੰ ਹਮੇਸ਼ਾ ਯਾਦ ਰੱਖੇਗਾ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਰਹੇਗਾ। ਇਹ ਵੀ ਪਤਾ ਲੱਗਾ ਹੈ ਕਿ ਸ਼ਹੀਦ ਸੁਖਬੀਰ ਸਿੰਘ ਦੇ ਨਾਲ ਇੱਕ ਹੋਰ ਜਵਾਨ ਵੀ ਸ਼ਹੀਦ ਹੋਇਆ ਹੈ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ।
ਸੁਖਬੀਰ ਦੀ ਸ਼ਹੀਦੀ ਦੀ ਖਬਰ ਸੁਣ ਕੇ ਪੂਰੇ ਪਿੰਡ ‘ਚ ਮਾਤਮ ਦਾ ਮਾਹੌਲ ਛਾ ਗਿਆ ਤੇ ਘਰ ‘ਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੁਖਬੀਰ ਸਿੰਘ ਚਾਰ ਭੈਣਾਂ ਤੇ ਭਰਾਵਾਂ ‘ਚੋਂ ਸਭ ਤੋਂ ਛੋਟਾ ਸੀ। ਸੁਖਬੀਰ ਦੇ ਸ਼ਹੀਦ ਹੋਣ ਦੀ ਜਾਣਕਾਰੀ ਮਿਲਦੇ ਹੀ ਪਿਤਾ ਕੁਲਵੰਤ ਸਿੰਘ ਨੇ ਭਾਰਤ ਕੀ ਜੈ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਨਾਅਰੇ ਲਗਾਏ ਗਏ। ਉਹ ਮੁੰਡੇ ਦੀ ਤਸਵੀਰ ਗਲੇ ਨਾਲ ਲਗਾ ਕੇ ਰੋਣਲੱਗੇ। ਮਾਂ ਜਸਬੀਰ ਕੌਰ ਨੂੰ ਜਦੋਂ ਬੇਟੇ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਉਹ ਆਪਣੀ ਸੂਝਬੂਝ ਗੁਆ ਬੈਠੀ। ਪਰਿਵਾਰ ਨੇ ਜਿਲ੍ਹੇ ਦੇ ਡੀ. ਸੀ ਨਾਲ ਗੱਲਬਾਤ ਕਰਕੇ ਉਸ ਦਾ ਮ੍ਰਿਤਕ ਸਰੀਰ ਪਿੰਡ ‘ਚ ਪਹੁੰਚਾਉਣ ਸਬੰਧੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Big Breaking: Bibi Jagir Kaur ਬਣੇ SGPC ਦੇ ਪ੍ਰਧਾਨ