Senior IB officials : ਨਵੀਂ ਦਿੱਲੀ : ਕੇਂਦਰ ਵੱਲੋਂ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸਿਰਫ ਸੂਬਿਆਂ ਦੀ ਪੁਲਿਸ ਹੀ ਨਹੀਂ ਸਗੋਂ ਖੁਫੀਆ ਏਜੰਸੀਆਂ ਨੇ ਵੀ ਨਜ਼ਰ ਰੱਖੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਆਈ. ਬੀ. ਦੇ ਵੱਡੇ ਅਧਿਕਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਸਿੰਧੂ ਬਾਰਡਰ ਅਤੇ ਟੀਕਰੀ ਬਾਰਡਰ ਦਾ ਦੌਰਾ ਕਰ ਚੁੱਕੇ ਹਨ। ਇੰਨਾ ਹੀ ਨਹੀਂ ਆਈ. ਬੀ. ਦੇ ਵੱਡੇ ਅਧਿਕਾਰੀ ਨੇ ਕੇਂਦਰ ਸਰਕਾਰ ਨੂੰ ਹਾਲਾਤ ਤੋਂ ਜਾਣੂ ਵੀ ਕਰਵਾਇਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਏਜੰਸੀਆਂ ਵੱਲੋਂ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੀ ਸਪੈਸ਼ਲ ਟੀਮ ਵੀ ਬਣਾਈ ਗਈ ਹੈ ਜੋ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਪ੍ਰਤੀਨਿਧੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ। ਸ਼ਨੀਵਾਰ ਨੂੰ ਇਸ ਸਪੈਸ਼ਲ ਟੀਮ ਦੇ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਅਤੇ ਉਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਲਈ ਦਿੱਲੀ ‘ਚ ਉਪਲਬਧ ਕਰਵਾਏ ਗਏ ਬੁਰਾੜੀ ਗਰਾਊਂਡ ‘ਚ ਜਾਣ ਲਈ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਮਨ੍ਹਾ ਕਰ ਦਿੱਤਾ ਸੀ। ਅੱਜ ਐਤਵਾਰ ਨੂੰ ਦੁਪਹਿਰ ਤੋਂ ਬਾਅਦ ਫਿਰ ਪੁਲਿਸ ਅਧਿਕਾਰੀ ਕਿਸਾਨਾਂ ਦੇ ਪ੍ਰਤੀਨਿਧੀਆਂ ਨਾਲ ਬੈਠਕ ਕਰਨਗੇ ਅਤੇ ਉਨ੍ਹਾਂ ਤੋਂ ਬੁਰਾੜੀ ਜਾਣ ਦੀ ਮੰਗ ਕਰਨਗੇ। ਹਾਲਾਂਕਿ ਅਜੇ ਤੱਕ ਟੀਕਰੀ ਬਾਰਡਰ ਅਤੇ ਸਿੰਘੂ ਬਾਰਡਰ ਹਾਲਾਤ ਪਹਿਲਾਂ ਦੀ ਹੀ ਤਰ੍ਹਾਂ ਬਣੇ ਹੋਏ ਹਨ ਅਤੇ ਕਿਸਾਨਾਂ ਵੱਲੋਂ ਉਥੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਬੀ. ਜੇ. ਪੀ. ਵੱਲੋਂ ਜਿਥੇ ਪਹਿਲਾਂ ਕਿਸਾਨਾਂ ਨੂੰ 3 ਦਸੰਬਰ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਹੁਣ ਇਹ ਬਦਲ ਕੇ 1 ਦਸੰਬਰ ਕਰ ਦਿੱਤਾ ਗਿਆ ਹੈ। ਹਰਜੀਤ ਸਿੰਘ ਗਰੇਵਾਲ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਇਸ ਮੁੱਦੇ ‘ਤੇ ਗੱਲਬਾਤ ਕਰ ਕੇ ਆਏ ਹਨ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਮੀਟਿੰਗ ਤੋਂ ਬਾਅਦ ਖੇਤੀ ਕਾਨੂੰਨਾਂ ‘ਤੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ। ਇਸ ਮੌਕੇ ਗਰੇਵਾਲ ਨੇ ਕਿਹਾ ਕਿ ਕੇਂਦਰ ਹੁਣ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਜਲਦ ਹੀ ਹੱਲ ਕੱਢਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : Big Breaking : ਹੁਣ 3 ਦਸੰਬਰ ਨਹੀਂ 1 ਦਸੰਬਰ ਨੂੰ ਦਿੱਲੀ ਘੇਰੀ ਬੈਠੇ ਕਿਸਾਨਾਂ ਨੂੰ ਕੇਂਦਰ ਦਾ ਸੱਦਾ