Giani Harpreet Singh : ਪਟਿਆਲਾ : ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਤੇ ਸੰਘਰਸ਼ ਤੇਜ਼ ਹੁੰਦਾ ਜਾ ਰਿਹਾ ਹੈ। ਇਸੇ ਸਬੰਧ ‘ਚ ਪਟਿਆਲਾ ਵਿਖੇ ਗੁਰਮਤਿ ਕਾਲਜ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਅੰਦੋਲਨ ਸਿਰਫ ਪੰਜਾਬ ਦੇ ਕਿਸਾਨਾਂ ਦਾ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ ਤੇ ਇਸ ਅੰਦੋਲਨ ਨੂੰ ਫਿਰਕਾਪ੍ਰਸਤੀ ਜਾਂ ਖਾਲਿਸਤਾਨੀ ਕਹਿਣਾ ਸਰਾਸਰ ਗਲਤ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਨਾਲ ਹੀ ਕੇਂਦਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਦੇਸ਼ ਦੇ ਅੰਨਦਾਤਾ ਦੀ ਗੱਲ ਗੰਭੀਰਤਾ ਨਾਲ ਸੁਣਨੀ ਚਾਹੀਦੀ ਹੈ ਤੇ ਇਸ ਦਾ ਕੋਈ ਸੰਭਵ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਇਨ੍ਹਾਂ ਕਾਲੇ ਫਾਰਮ ਕਾਨੂੰਨਾਂ ਨੂੰ ਰੱਦ ਕਰਨ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਬੀਤੇ ਕੱਲ੍ਹ ਕੇਂਦਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਤਾਂ ਹੋਈ ਪਰ ਕਿਸੇ ਨਤੀਜੇ ‘ਤੇ ਨਹੀਂ ਪੁੱਜ ਸਕੀ। ਕੇਂਦਰੀ ਮੰਤਰੀਆਂ ਤੇ ਕਿਸਾਨਾਂ ਵਿਚਾਲੇ ਬੈਠਕ 3 ਵਜੇ ਤੋਂ ਸ਼ੁਰੂ ਹੋ ਕੇ ਲਗਭਗ 7 ਵਜੇ ਤੱਕ ਚੱਲੀ।
ਬੈਠਕ ਦੌਰਾਨ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਇੱਕ 4-5 ਮੈਂਬਰਾਂ ਦੀ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਠੁਕਰਾ ਦਿੱਤਾ। ਹੁਣ ਅਗਲੀ ਮੀਟਿੰਗ ਕੱਲ੍ਹ 3 ਦਸੰਬਰ ਨੂੰ ਹੋਣੀ ਹੈ। ਕੱਲ੍ਹ ਦੀ ਹੋਈ ਮੀਟਿੰਗ ਸਾਕਾਰਾਤਮਕ ਰਹੀ ਤੇ ਕਿਸਾਨਾਂ ਨੇ ਪੀਯੂਸ਼ ਗੋਇਲ ਸਾਹਮਣੇ ਇਨ੍ਹਾਂ ਖੇਤੀ ਬਿੱਲਾਂ ‘ਚ ਖਾਮੀਆਂ ਨੂੰ ਦੱਸਿਆ ਜਿਸ ‘ਤੇ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਉਨ੍ਹਾਂ ਨੂੰ ਲਿਖਤ ‘ਚ ਦੱਸਣ ਕਿ ਉਹ ਖੇਤੀ ਕਾਨੂੰਨਾਂ ‘ਚ ਉਨ੍ਹਾਂ ਨੂੰ ਕੀ ਕਮੀਆਂ ਨਜ਼ਰ ਆਉਂਦੀਆਂ ਹਨ ਜਿਸ ‘ਤੇ 3 ਦਸੰਬਰ ਨੂੰ ਹੋਣ ਵਾਲੀ ਬੈਠਕ ‘ਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਤੇ ਹੱਲ ਕੱਢਿਆ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਕਿਸਾਨ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਹਨ।
ਇਹ ਵੀ ਪੜ੍ਹੋ : ਮੀਟਿੰਗ ‘ਚ ਪੁੱਜੇ ਕਿਸਾਨਾਂ ਨੇ ਮੋਦੀ ਦਾ ਪਾਣੀ ਨਹੀਂ ਪੀਤਾ, ਕਾਨੂੰਨ ਰੱਦ ਕਰ ਦਿਓ ਵਾਪਸ ਚਲੇ ਜਾਵਾਂਗੇ