Noida’s Chilla border : ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ ਵੱਲ ਆਉਣ ਵਾਲੇ ਕਈ ਰਸਤੇ ਬੰਦ ਹਨ। ਦਿੱਲੀ ਤੋਂ ਨੋਇਡਾ ਨੂੰ ਜੋੜਨ ਵਾਲੇ ਚਿੱਲਾ ਬਾਰਡਰ ‘ਤੇ ਵੀ ਵੱਡੀ ਗਿਣਤੀ ‘ਚ ਕਿਸਾਨ ਆਪਣੀਆਂ ਮੰਗਾਂ ਦੇ ਸਮਰਥਨ ‘ਚ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਨ ਨੋਇਡਾ ਪੁਲਿਸ ਨੇ ਇਸ ਵੱਲੋਂ ਜਾਣ ਵਾਲੇ ਵਾਹਨ ਚਾਲਕਾਂ ਨੂੰ ਦੂਜੇ ਰਸਤਿਓਂ ਜਾਣ ਦੀ ਸਲਾਹ ਦਿੱਤੀ ਹੈ। ਹਰਿਆਣਾ-ਪੰਜਾਬ ਤੇ ਯੂ. ਪੀ. ਵੱਲੋਂ ਆਉਣ ਵਾਲੇ ਕਈ ਰਸਤਿਆਂ ‘ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਕਈ ਦਿਨਾਂ ਤੋਂ ਜਾਰੀ ਹੈ। ਕੇਂਦਰ ਸਰਕਾਰ ਨੇ ਕਈ ਵਾਰ ਗੱਲਬਾਤ ਤੋਂ ਬਾਅਦ ਵੀ ਕਿਸਾਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਿਸ ਕਾਰਨ ਦਿੱਲੀ ਦੇ ਬਾਰਡਰ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।
ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਸਮੂਹਾਂ ਨਾਲ ਜੁੜੇ ਸੈਂਕੜੇ ਕਿਸਾਨ ਮੰਗਲਵਾਰ ਸ਼ਾਮ ਸਰਹੱਦ ‘ਤੇ ਇਕੱਠੇ ਹੋਏ ਸਨ ਜਿਥੇ ਨੋਇਡਾ ਅਤੇ ਦਿੱਲੀ ਦੋਵਾਂ ਪਾਸਿਆਂ’ ਤੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ ਜਿਸ ਕਾਰਨ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਹੈ। ਕਿਸਾਨਾਂ ਨੇ ਸਮੂਹਾਂ ‘ਚ ਪੱਛਮੀ ਯੂ. ਪੀ. ਦੇ ਵੱਖ-ਵੱਖ ਜਿਲ੍ਹਿਆਂ ਤੋਂ ਟਰੈਕਟਰ-ਟਰਾਲੀ ਤੋਂ ਦਿੱਲੀ ਸਰਹੱਦ ‘ਤੇ ਪੁੱਜੇ ਹਨ। ਭੀੜ ਤੇ ਜਾਮ ਕਾਰਨ DND ਲੂਪ ਵੱਲੋਂ ਨੋਇਡਾ ਬਾਊਂਡ ਟ੍ਰੈਫਿਕ ਡਾਇਵਰਟ ਕਰਨਾ ਪਿਆ ਹੈ। ਦਿੱਲੀ ਆਟੋ, ਟੈਕਸੀ ਸੰਗਠਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਕਿਸਾਨਾਂ ਦੇ ਸਮਰਥਨ ‘ਚ ਹੜਤਾਲ ‘ਤੇ ਨਹੀਂ ਜਾਣਗੇ। ਅਜਿਹੇ ਕਿਆਸ ਲਗਾਏ ਜਾ ਰਹੇ ਸਨ ਕਿ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਦਿੱਲੀ ਦੇ ਆਟੋ, ਟੈਕਸੀ ਡਰਾਈਵਰ ਹੜਤਾਲ ‘ਤੇ ਜਾ ਸਕਦੇ ਹਨ।ਹਾਲਾਂਕਿ ਹੁਣ ਦਿੱਲੀ ਆਟੋ ਰਿਕਸ਼ਾ ਸੰਗਠਨ ਤੇ ਦਿੱਲੀ ਪ੍ਰਦੇਸ਼ ਟੈਕਸੀ ਸੰਗਠਨ ਨੇ ਹੜਤਾਲ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਕਿਸਾਨਾਂ ਦੇ ਸਮਰਥਨ ‘ਚ ਦਿੱਲੀ ‘ਚ ਆਟੋਰਿਕਸ਼ਾ ਤੇ ਟੈਕਸੀ ਬੰਦ ਨਹੀਂ ਕੀਤੀ ਜਾਵੇਗੀ।
ਕੇਂਦਰੀ ਮੰਤਰੀਆਂ ਨਾਲ ਬੈਠਕ ਬੇਨਤੀਜਾ ਹੋਣ ‘ਤੇ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਨੇ ਕਿਹਾ ਕਿ ਉਹ ਇਹ ਨਵੇਂ ਕਾਨੂੰਨ ਰੱਦ ਹੋਣ ਤੱਕ ਅੰਦੋਲਨ ਜਾਰੀ ਰੱਖਣਗੇ। ਬੈਠਕ ਦੌਰਾਨ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਇੱਕ 4-5 ਮੈਂਬਰਾਂ ਦੀ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਠੁਕਰਾ ਦਿੱਤਾ। ਹੁਣ ਅਗਲੀ ਮੀਟਿੰਗ ਕੱਲ੍ਹ 3 ਦਸੰਬਰ ਨੂੰ ਹੋਣੀ ਹੈ।
ਕੱਲ੍ਹ ਦੀ ਹੋਈ ਮੀਟਿੰਗ ਸਾਕਾਰਾਤਮਕ ਰਹੀ ਤੇ ਕਿਸਾਨਾਂ ਨੇ ਪੀਯੂਸ਼ ਗੋਇਲ ਸਾਹਮਣੇ ਇਨ੍ਹਾਂ ਖੇਤੀ ਬਿੱਲਾਂ ‘ਚ ਖਾਮੀਆਂ ਨੂੰ ਦੱਸਿਆ ਜਿਸ ‘ਤੇ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਉਨ੍ਹਾਂ ਨੂੰ ਲਿਖਤ ‘ਚ ਦੱਸਣ ਕਿ ਉਹ ਖੇਤੀ ਕਾਨੂੰਨਾਂ ‘ਚ ਉਨ੍ਹਾਂ ਨੂੰ ਕੀ ਕਮੀਆਂ ਨਜ਼ਰ ਆਉਂਦੀਆਂ ਹਨ ਜਿਸ ‘ਤੇ 3 ਦਸੰਬਰ ਨੂੰ ਹੋਣ ਵਾਲੀ ਬੈਠਕ ‘ਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਤੇ ਹੱਲ ਕੱਢਿਆ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਕਿਸਾਨ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਹਨ।
ਇਹ ਵੀ ਪੜ੍ਹੋ : ਮੀਟਿੰਗ ‘ਚ ਪੁੱਜੇ ਕਿਸਾਨਾਂ ਨੇ ਮੋਦੀ ਦਾ ਪਾਣੀ ਨਹੀਂ ਪੀਤਾ, ਕਾਨੂੰਨ ਰੱਦ ਕਰ ਦਿਓ ਵਾਪਸ ਚਲੇ ਜਾਵਾਂਗੇ