Doctors in Mohali : ਖੇਤੀ ਕਾਨੂੰਨਾਂ ਖਿਲਾਫ ਦਿੱਲੀ-ਹਰਿਆਣਾ ਬਾਰਡਰ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣ ਲਈ ਡਾਕਟਰ, ਵਕੀਲ ਤੇ ਸਮਾਜਸੇਵੀ ਸੰਸਥਾਵਾਂ ਨੇ ਵੀ ਹੱਥ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੂੰ ਮੈਡੀਕਲ ਸਹੂਲਤ ਤੋਂ ਇਲਾਵਾ ਜ਼ਰੂਰੀ ਕਾਨੂੰਨੀ ਸਹਾਇਤਾ ਵੀ ਮੁਹੱਈਆ ਕਰਾ ਰਹੀ ਹੈ। ਸਿਵਲ ਸਰਜਨ ਦੇ ਅਹੁਦੇ ਤੋਂ ਰਿਟਾਇਰ ਤੇ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਡਾ. ਦਿਲੇਰ ਸਿੰਘ ਮੁਲਤਾਨੀ ਵੀ ਇਸ ਸੰਘਰਸ਼ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੀ ਟੀਮ ਨੇ ਜ਼ਖਮੀ ਤੇ ਬੀਮਾਰ ਕਿਸਾਨਾਂ ਨੂੰ ਡਾਕਟਰੀ ਸਹੂਲਤ ਉਪਲਬਧ ਕਰਵਾਈ। ਜ਼ਖਮੀ ਕਿਸਾਨਾਂ ਦੀ ਮੱਲ੍ਹਮ ਪੱਟੀ ਤੋਂ ਲੈ ਕੇ ਜ਼ਰੂਰੀ ਦਵਾਈਆਂ ਵੀ ਦਿੱਤੀਆਂ।
ਡਾ. ਮੁਲਤਾਨੀ ਨੇ ਕਿਹਾ ਕਿ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਅਜਿਹੇ ‘ਚ ਜੋੜਾਂ ਦਾ ਦਰਦ, ਖਾਂਸੀ, ਜ਼ੁਕਾਮ ਦੀ ਸਮੱਸਿਆ ਆਉਂਦੀ ਹੈ। ਇਸ ਤੋਂ ਇਲਾਵਾ ਕੁਝ ਕਿਸਾਨ ਆਪਣੀ ਜ਼ਰੂਰੀ ਦਵਾਈਆਂ ਲੈ ਜਾਣਾ ਭੁੱਲ ਗਏ ਹਨ। ਸਾਡੀ ਟੀਮ ਉਨ੍ਹਾਂ ਦੀ ਮਦਦ ਕਰ ਰਹੀ ਹੈ। ਡਾ. ਮੁਲਤਾਨੀ ਨੇ ਦੱਸਿਆ ਕਿ ਉਹ ਦਿੱਲੀ ‘ਚ ਡਟੇ ਕਿਸਾਨਾਂ ਨੂੰ ਆਪਣਾ ਮੋਬਾਈਲ ਨੰਬਰ ਦੇ ਕੇ ਪਰਤੇ ਹਨ। ਲੋੜ ਪੈਣ ‘ਤੇ ਕਿਸਾਨ ਕਿਸੇ ਵੀ ਸਮੇਂ ਫੋਨ ਕਰ ਸਕਦੇ ਹਨ। ਉਹ ਫੋਨ ‘ਤੇ ਵੀ ਕਿਸਾਨਾਂ ਦੀ ਕਾਊਂਸਲਿੰਗ ਲਈ ਉਪਲਬਧ ਰਹਿਣਗੇ। ਸਮਾਜ ਸੇਵੀ ਸਤਨਾਮ ਦਾਊ ਨੇ ਦੱਸਿਆ ਕਿ ਉਹ ਆਪਣੇ ਪੱਧਰ ‘ਤੇ ਕਿਸਾਨਾਂ ਦੇ ਸੰਘਰਸ਼ ‘ਚ ਸਹਿਯੋਗ ਦੇ ਰਹੇ ਹਨ। ਇਕ ਨਾਮੀ ਸੰਸਥਾ ਕਿਸਾਨਾਂ ‘ਤੇ ਦਰਜ ਕੀਤੇ ਗਏ ਕੇਸਾਂ ‘ਚ ਮੁਫਤ ਕਾਨੂੰਨੀ ਸਲਾਹ ਦੇਣ ‘ਚ ਲੱਗੀ ਹੈ। ਮੋਹਾਲੀ ਦੇ ਪਿੰਡਾਂ ਤੋਂ ਰੋਜ਼ਾਨਾ ਟਰਾਲੀਆਂ ਭਰ ਕੇ ਕਿਸਾਨਾਂ ਦੇ ਹੱਕ ‘ਚ ਜਾ ਰਹੀਆਂ ਹਨ। ਮੰਗਲਵਾਰ ਨੂੰ ਵੀ ਦਾਊਂ ਇੱਕ ਟਰਾਲੀ, ਦੁੱਧ ਤੇ ਹੋਰ ਜ਼ਰੂਰੀ ਖਾਧ ਸਮੱਗਰੀ ਲੈ ਕੇ ਰਵਾਨਾ ਹੋਈ। ਸਤਨਾਮ ਸਿੰਘ ਨੇ ਦੱਸਿਆ ਕਿ ਜਿਵੇਂ ਵੀ ਹੋ ਸਕੇਗਾ ਕਿਸਾਨਾਂ ਦੀ ਹਰ ਸੰਭਵ ਮਦਦ ਕਰਦੇ ਰਹਿਣਗੇ।
ਡਾ. ਦਲੇਰ ਸਿੰਘ ਮੁਲਤਾਨੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦਿੱਲੀ ਧਰਨੇ ‘ਚ ਸ਼ਾਮਲ ਹੋਣ ਗਏ ਕਿਸਾਨਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਧਰਨੇ ਵਾਲੀ ਥਾਂ ‘ਤੇ ਜਨਤਕ ਟੁਆਇਲਟਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਉਥੇ ਮੱਛਰਾਂ ਤੋਂ ਬਚਣ ਲਈ ਫੌਗਿਗ ਕਰਵਾਉਣੀ ਵੀ ਜ਼ਰੂਰੀ ਹੈ। ਮੁਲਤਾਨੀ ਨੇ ਕਿਹਾ ਕਿ ਉਹ ਖੁਦ ਦਿੱਲੀ ਸੰਘਰਸ਼ ‘ਚ ਸ਼ਾਮਲ ਹੋ ਕੇ ਪਰਤੇ ਹਨ। ਧਰਨੇ ਵਾਲੀ ਥਾਂ ਦਿੱਲੀ ਦੇ ਬਾਹਰੀ ਇਲਾਕਿਆਂ ‘ਚ ਹੈ। ਉਥੇ ਮੱਛਰਾਂ ਦੀ ਭਰਮਾਰ ਹੈ।