Punjabi University Patiala’s : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਵਿਭਾਗ ਦੇ ਰਿਸਰਚ ਸੈਂਟਰ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਸ ਅਧੀਨ ਗੂੰਗੇ ਤੇ ਬਹਿਰੇ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਸੌਖਾ ਬਣਾਉਣ ਲਈ ਸਾਫਟਵੇਅਰ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਰਿਸਰਚ ਸੈਂਟਰ ਵੱਲੋਂ ਮਾਰਚ 2011 ਵਿਚ ਦੋ ਮੋਬਾਈਲ ‘ਤੇ ਚੱਲਣ ਵਾਲੀਆਂ ਐਪਲੀਕੈਸ਼ਨਾਂ ਬਣਾਈਆਂ ਗਈਆਂ ਜਿਨ੍ਹਾਂ ‘ਚੋਂ ਇੱਕ ਐਪਲੀਕੈਸ਼ਨ ਅੰਨ੍ਹੇ ਲੋਕਾਂ ਨੂੰ ਰੰਗ ਦੱਸਣ ਵਾਲੀ ਹੈ ਤੇ ਦੂਸਰੀ ਅਪੰਗ ਬੱਚਿਆਂ ਦੀ ਅਸੈੱਸਮੈਂਟ ਪੰਜਾਬੀ ਵਿਚ ਕਰਨ ਵਾਲੀ ਹੈ। ਇਹ ਦੋਵੇਂ ਸਾਫਟਵੇਅਰ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਸਲਰ ਡਾ. ਬੀ ਐੱਸ ਘੁੰਮਣ ਵੱਲੋਂ ਬਣਾਏ ਗਏ ਹਨ। ਉਨ੍ਹਾਂ ਦੇ ਇਸ ਕੰਮ ‘ਚ ਡਾ. ਵਿਸ਼ਾਲ ਗੋਇਲ ਅਤੇ ਡਾ. ਲਲਿਤ ਗੋਇਲ ਨੇ ਵੀ ਸਹਿਯੋਗ ਦਿੱਤਾ। ਨਾਲ PhD ਰਿਸਰਚ ਸਕਾਲਰ ਦੀਪਾਲੀ ਗੋਇਲ , MPhil/MTech ਰਿਸਰਚ ਸਕਾਲਰ ਅਮਨਦੀਪ ਕੌਰ ਅਤੇ ਗੁਰਦੀਪ ਕੌਰ, ਅਤੇ ਅੰਗਰੇਜ਼ੀ ਨੂੰ ਭਾਰਤੀ ਸੰਕੇਤਿਕ ਭਾਸ਼ਾ ‘ਚ ਬਦਲਣ ਦੀ ਮਾਹਰ ਕ੍ਰਿਸ਼ਮਾ ਦੇ ਸਹਿਯੋਗ ਨਾਲ ਇਹ ਸਭ ਸੰਭਵ ਹੋ ਸਕਿਆ ਤੇ ਤਿੰਨ ਸਾਲਾਂ ਦੀ ਸਖਤ ਮਿਹਨਤ ਸਦਕਾ ਹੀ ਇਹ ਸਾਫਟਵੇਅਰ ਬਣ ਸਕਿਆ।
ਡਾ. ਵਿਸ਼ਾਲ ਤੇ ਲਲਿਤ ਗੋਇਲ ਨੂੰ ਇਸ ਟੀਚੇ ਦੀ ਪ੍ਰਾਪਤੀ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਭਾਰਤੀ ਸੰਕੇਤਿਕ ਭਾਸ਼ਾ ਦਾ ਸ਼ਬਦਕੋਸ਼ ਬਹੁਤ ਜਿਆਦਾ ਵਿਕਸਿਤ ਨਹੀਂ ਹੈ ਅਤੇ ਬਹੁਤ ਸਾਰੇ ਸ਼ਬਦਾਂ ਦੇ ਵੀਡੀਓ ਵੀ ਉਪਲੱਬਧ ਨਹੀਂ ਹਨ ਤੇ ਇਸ ਦੇ ਨਾਲ ਹੀ ਵਿਆਕਰਣ ਦੇ ਨਿਯਮ ਵੀ ਬਹੁਤ ਗੁੰਝਲਦਾਰ ਹਨ। ਹੋਰ ਸਮੱਸਿਆਵਾਂ ਬਾਰੇ ਦੱਸਦਿਆਂ ਡਾ. ਵਿਸ਼ਾਲ ਨੇ ਕਿਹਾ ਕਿ ਇਸ ਕੰਮ ਲਈ ਉਨ੍ਹਾਂ ਨੂੰ ਵਿੱਤੀ ਸੰਕਟ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਗ੍ਰਾਂਟ ਵੀ ਨਹੀਂ ਮਿਲੀ ਸੀ ਜਿਸ ਕਾਰਨ ਕੰਮ ਨੂੰ ਪੂਰਾ ਕਰਨ ‘ਚ ਕਾਫੀ ਪ੍ਰੇਸ਼ਾਨੀਆਂ ਝੇਲਣੀਆਂ ਪਈਆਂ ਤੇ ਆਖਿਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ ਉਨ੍ਹਾਂ ਵੱਲੋਂ ਗੂੰਗੇ ਤੇ ਬੋਲੇ ਲੋਕਾਂ ਲਈ ਪਬਲਿਕ ਥਾਵਾਂ ‘ਤੇ ਘੋਸ਼ਣਾਵਾਂ ਕਰਨ ਵਾਲਾ ਸਾਫਟਵੇਅਰ ਤਿਆਰ ਕੀਤਾ ਗਿਆ।
ਇਸ ਸਾਫਟਵੇਅਰ ਦਾ ਉਦਘਾਟਨ ਕੱਲ੍ਹ ਸਪੋਰਟਸ ਅਤੇ ਯੂਥ ਅਫੇਯਰ ਦੇ ਡਾਇਰੈਕਟਰ ਆਈ ਏ ਐਸ ਸ਼੍ਰੀ ਡੀ ਪੀ ਐਸ ਖਰਬੰਦਾ ਵਲੋਂ ਕੀਤਾ ਗਿਆ। ਡਾ. ਗੋਇਲ ਨੇ ਦੱਸਿਆ ਕਿ ਸਾਫਟਵੇਅਰ ਬਣਾਉਣ ਦਾ ਵਿਚਾਰ ਉਨ੍ਹਾਂ ਦੇ ਮਨ ‘ਚ ਉਦੋਂ ਆਇਆ ਉਹ “ਸੁਗਮ ਭਾਰਤ ਅਭਿਆਨ” ਦਾ ਇਕ ਵੀਡੀਓ ਦੇਖ ਰਹੇ ਸਨ। ਇਸ ਵੀਡੀਓ ਵਿਚ ਰੇਲਵੇ ਸਟੇਸ਼ਨ ਤੇ ਇਕ ਬੋਲਾ ਵਿਅਕਤੀ ਇਕ ਔਰਤ ਤੋਂ ਆਪਣੀ ਸੰਕੇਤਿਕ ਭਾਸ਼ਾ ਵਿਚ ਪੁੱਛ ਰਿਹਾ ਹੈ ਕਿ ਸਟੇਸ਼ਨ ਤੇ ਕੀ ਘੋਸ਼ਣਾ ਹੋ ਰਹੀ ਹੈ। ਇਹ ਸੀਨ ਦੇਖ ਕੇ ਮਨ ਵਿਚ ਵਿਚਾਰ ਆਇਆ ਕਿ ਇਕ ਅਜਿਹਾ ਸੋਫਟਵੇਅਰ ਤਿਆਰ ਕੀਤਾ ਜਾ ਸਕਦਾ ਹੈ ਜੋ ਅੰਗਰੇਜ਼ੀ ਨੂੰ ਸੰਕੇਤਿਕ ਭਾਸ਼ਾ ਵਿਚ ਬਦਲ ਸਕਦਾ ਹੈ। ਡਾ. ਗੋਇਲ ਨੇ ਦੱਸਿਆ ਕਿ ਇਹ ਸਾਫਟਵੇਅਰ ਗੂੰਗੇ ਤੇ ਬੋਲੇ ਲੋਕਾਂ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ। ਇਹ ਸੋਫਟਵੇਅਰ ਦੁਨੀਆ ਦਾ ਘੋਸ਼ਣਾਵਾਂ ਕਰਨ ਵਾਲਾ ਪਹਿਲਾ ਅਜਿਹਾ ਸੋਫਟਵੇਅਰ ਹੈ ਜੋ ਭਾਰਤੀ ਸੰਕੇਤਿਕ ਭਾਸ਼ਾ ਵਿਚ ਘੋਸ਼ਣਾਵਾਂ ਕਰਦਾ ਹੈ।
ਇਹ ਵੀ ਪੜ੍ਹੋ : ਸੁਣੋ ਮੁੰਡਿਆਂ ਨੇ ਕਿਸਾਨੀ ਸੰਘਰਸ਼ ‘ਤੇ ਲਿਖਿਆ ਐਸਾ ਗੀਤ, ਸੁਣਕੇ ਹਰ ਕੋਈ ਕਰ ਰਿਹਾ ਅਸ਼-ਅਸ਼…