PM Modi convened large meeting: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ 10ਵੇਂ ਦਿਨ ਵੀ ਕਿਸਾਨ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ । ਅੱਜ ਕਿਸਾਨਾਂ ਅਤੇ ਸਰਕਾਰ ਵਿਚਾਲੇ 5ਵੇਂ ਦੌਰ ਦੀ ਗੱਲਬਾਤ ਹੋਵੇਗੀ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਦੁਪਹਿਰ 2 ਵਜੇ ਕਿਸਾਨਾਂ ਨਾਲ ਇੱਕ ਮੀਟਿੰਗ ਤੈਅ ਕੀਤੀ ਗਈ ਹੈ । ਮੈਨੂੰ ਬਹੁਤ ਉਮੀਦ ਹੈ ਕਿ ਕਿਸਾਨ ਸਕਾਰਾਤਮਕ ਸੋਚਣਗੇ ਅਤੇ ਆਪਣਾ ਅੰਦੋਲਨ ਖਤਮ ਕਰਨਗੇ।
ਕਿਸਾਨਾਂ ਨਾਲ ਗੱਲਬਾਤ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਪਹੁੰਚੇ ਹਨ । ਅੱਜ ਸਰਕਾਰ ਵੱਲੋਂ ਕਿਸਾਨ ਜੱਥੇਬੰਦੀਆਂ ਨਾਲ ਪੰਜਵੇਂ ਦੌਰ ਦੀ ਮੀਟਿੰਗ ਤੋਂ ਪਹਿਲਾਂ ਇਹ ਵੱਡੀ ਬੈਠਕ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਮੌਜੂਦ ਹਨ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਕਿਸਾਨ ਜੱਥਬੰਦੀਆਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ ਹੈ । ਇਸਦੇ ਨਾਲ ਹੀ ਕਿਸਾਨਾਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਕਿਸਾਨ ਚਿੱਲਾ ਬਾਰਡਰ (ਦਿੱਲੀ-ਨੋਇਡਾ ਲਿੰਕ ਰੋਡ) ‘ਤੇ ਪ੍ਰਦਰਸ਼ਨ ਕਰ ਰਹੇ ਹਨ । ਇੱਕ ਕਿਸਾਨ ਨੇ ਕਿਹਾ ਕਿ ਜੇਕਰ ਅੱਜ ਸਰਕਾਰ ਨਾਲ ਗੱਲਬਾਤ ਵਿੱਚ ਕੋਈ ਨਤੀਜਾ ਨਹੀਂ ਮਿਲਿਆ ਤਾਂ ਉਹ ਸੰਸਦ ਦਾ ਘਿਰਾਓ ਕਰਨਗੇ । ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਪਿਛਲੇ ਨੌਂ ਦਿਨਾਂ ਤੋਂ ਡਟੇ ਹੋਏ ਹਨ ਅਤੇ ਅੱਜ ਉਨ੍ਹਾਂ ਦੇ ਵਿਰੋਧ ਦਾ 10ਵਾਂ ਦਿਨ ਹੈ । ਸਾਰੇ ਮੁੱਦਿਆਂ ‘ਤੇ ਕੇਂਦਰ ਸਰਕਾਰ ਨਾਲ ਦੋ ਵਾਰ ਵਿਚਾਰ ਵਟਾਂਦਰੇ ਕੀਤੇ ਗਏ ਹਨ, ਪਰ ਅਜੇ ਤੱਕ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ।
ਦੱਸ ਦੇਈਏ ਕਿ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ‘ਤੇ ਅੜੇ ਹੋਏ ਹਨ ਅਤੇ ਘੱਟੋ ਘੱਟ ਸਮਰਥਨ ਮੁੱਲ (MSP) ‘ਤੇ ਪੱਕਾ ਵਿਸ਼ਵਾਸ ਚਾਹੁੰਦੇ ਹਨ । ਇਸ ਦੇ ਨਾਲ ਹੀ ਕੇਂਦਰ ਸਰਕਾਰ ਕਾਨੂੰਨ ਵਾਪਸ ਲੈਣ ਨੂੰ ਸਵੀਕਾਰ ਨਹੀਂ ਕਰ ਰਹੀ, ਪਰ ਕਿਸਾਨਾਂ ਦੀਆਂ ਕੁਝ ਮੰਗਾਂ ਹਨ ਜਿਨ੍ਹਾਂ ‘ਤੇ ਸਰਕਾਰ ਸਹਿਮਤ ਹੁੰਦੀ ਦਿਖਾਈ ਦੇ ਰਹੀ ਹੈ । ਉੱਥੇ ਹੀ ਦੂਜੇ ਪਾਸੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਮੋਦੀ’ ਤੇ ਨਿਸ਼ਾਨਾ ਸਾਧਿਆ ਹੈ । ਰਾਹੁਲ ਗਾਂਧੀ ਨੇ ਕਿਹਾ ਕਿ ਬਿਹਾਰ ਦਾ ਕਿਸਾਨ ਐਮਐਸਪੀ-ਏਪੀਐਮਸੀ ਤੋਂ ਬਗੈਰ ਵੱਡੀ ਮੁਸੀਬਤ ਵਿੱਚ ਹੈ ਅਤੇ ਹੁਣ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਨੂੰ ਇਸ ਖੂਹ ਵਿੱਚ ਧੱਕ ਦਿੱਤਾ ਹੈ । ਅਜਿਹੀ ਸਥਿਤੀ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਦੇ ਅੰਨਾਦਾਤਾ ਦਾ ਸਮਰਥਨ ਕਰੀਏ।”
ਇਹ ਵੀ ਦੇਖੋ: ਕਿਸਾਨ ਅੰਦੋਲਨ ਲਈ ਬੇਹੱਦ ਖਾਸ ਐ ਅੱਜ ਦਾ ਦਿਨ, ਵੇਖੋ ਕੁੰਡਲੀ ਬਾਰਡਰ ਤੋਂ Live ਤਸਵੀਰਾਂ…