Haryana Health Minister Anil Vij: ਕੋਰੋਨਾ ਵੈਕਸੀਨ ਦੇ ਟ੍ਰਾਇਲ ਵਿੱਚ ਹਿੱਸਾ ਲੈਣ ਵਾਲੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਕੋਰੋਨਾ ਪਾਜ਼ਿਟਿਵ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੂੰ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਵਿਜ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਖੁਦ ਜਾਣਕਾਰੀ ਦਿੱਤੀ। ਇਸ ਬਾਰੇ ਅਨਿਲ ਵਿਜ ਨੇ ਟਵੀਟ ਕਰਦਿਆਂ ਲਿਖਿਆ, ” ਮੈਂ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹਾਂ ਅਤੇ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿੱਚ ਦਾਖਲ ਹਾਂ। ਮੈਂ ਆਪਣੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੰਦਾ ਹਾਂ।”
ਜ਼ਿਕਰਯੋਗ ਹੈ ਕਿ ਅਨਿਲ ਵਿਜ ਉਨ੍ਹਾਂ ਵਲੰਟੀਅਰਾਂ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੇ ਤੀਜੇ ਪੜਾਅ ਵਿੱਚ ਇਸ ਵੈਕਸੀਨ ਦੀ ਦੋਜ਼ ਲਈ ਸੀ। ਤੀਜੇ ਰਾਊਂਡ ਦੇ ਲਈ ਅਨਿਲ ਵਿਜ ਨੇ ਖੁਦ ਆਪਣਾ ਨਾਮ ਦਿੱਤਾ ਸੀ। Covaxin ਦੇ ਤੀਜੇ ਪੜਾਅ ਦਾ ਟ੍ਰਾਇਲ ਦੇ ਦੌਰਾਨ ਅੰਬਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਸ ਵੈਕਸੀਨ ਦੀ ਖੁਰਾਕ ਲਈ ਸੀ। Covaxin ਵੈਕਸੀਨ ਸਵਦੇਸ਼ੀ ਤੌਰ ‘ਤੇ ਵਿਕਸਿਤ ਕੀਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਇਸ ਵੈਕਸੀਨ ਲਈ 25 ਕੇਂਦਰਾਂ ਤੋਂ 26 ਹਜ਼ਾਰ ਵਾਲੰਟੀਅਰਾਂ ‘ਤੇ ਟ੍ਰਾਇਲ ਹੋਣਾ ਹੈ। ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਯਾਨੀ ਕਿ ICMR ਦੀ ਸਾਂਝੇਦਾਰੀ ਦੇ ਨਾਲ ਇਹ ਟ੍ਰਾਇਲ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਲੰਟੀਅਰਾਂ ਨੂੰ ਟੀਕੇ ਦੀ ਖੁਰਾਕ ਦਿੱਤੀ ਗਈ ਹੈ, ਉਨ੍ਹਾਂ ਨੂੰ ਅਗਲੇ ਸਾਲ ਤੱਕ ਨਿਗਰਾਨੀ ਹੇਠ ਰੱਖਿਆ ਜਾਵੇਗਾ।
ਦੱਸ ਦੇਈਏ ਕਿ ਹਰਿਆਣਾ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਦੇ 1,602 ਨਵੇਂ ਕੇਸ ਸਾਹਮਣੇ ਆਏ, ਜਿਸ ਤੋਂ ਬਾਅਦ ਰਾਜ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 2,40,841 ਹੋ ਗਈ । ਇਸ ਤੋਂ ਇਲਾਵਾ 19 ਹੋਰ ਮਰੀਜ਼ਾਂ ਦੀ ਮੌਤ ਨਾਲ ਰਾਜ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,539 ਹੋ ਗਈ । ਰਾਜ ਦੇ ਸਿਹਤ ਵਿਭਾਗ ਦੇ ਬੁਲੇਟਿਨ ਦੇ ਅਨੁਸਾਰ ਇਸ ਸਮੇਂ ਰਾਜ ਵਿੱਚ 14,329 ਵਿਅਕਤੀ ਇਲਾਜ ਅਧੀਨ ਹਨ।
ਇਹ ਵੀ ਦੇਖੋ: ਕਿਸਾਨ ਅੰਦੋਲਨ ਲਈ ਬੇਹੱਦ ਖਾਸ ਐ ਅੱਜ ਦਾ ਦਿਨ, ਵੇਖੋ ਕੁੰਡਲੀ ਬਾਰਡਰ ਤੋਂ Live ਤਸਵੀਰਾਂ…