The effect of : ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਪੰਜਾਬ ‘ਚ ਵੀ ਸਾਰੇ ਬਾਜ਼ਾਰ ਮੁਕੰਮਲ ਤੌਰ ‘ਤੇ ਬੰਦ ਹਨ ਅਤੇ ਬੰਦ ਦੌਰਾਨ ਕਿਸਾਨਾਂ, ਵਪਾਰੀਆਂ, ਦੁਕਾਨਦਾਰਾਂ, ਕਾਰੋਬਾਰੀਆਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ ਵੱਲੋਂ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਭਰਵਾਂ ਸਹਿਯੋਗ ਦਿੱਤਾ ਗਿਆ ਹੈ। ਭਾਰਤ ਬੰਦ ਦੌਰਾਨ ਦੁਕਾਨਾਂ ਅਤੇ ਕਾਰੋਬਾਰ ਬੰਦ ਰਹਿਣਗੇ। ਪੈਟਰੋਲ ਪੰਪ ਵੀ ਬੰਦ ਰਹਿਣਗੇ। ਅੱਜ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਤੱਕ ਪੂਰਾ ਦੇਸ਼ ਬੰਦ ਰਹੇਗਾ। ਇਸ ਦੇ ਨਾਲ ਹੀ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਤਿੰਨ ਵਜੇ ਤੱਕ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਰਹੇਗਾ। ਹਾਲਾਂਕਿ ਬੰਦ ਦੌਰਾਨ ਐਂਬੂਲੈਂਸਾਂ ਸਮੇਤ ਹੋਰ ਐਮਰਜੈਂਸੀ ਸੇਵਾਵਾਂ ਨੂੰ ਚੱਲ ਦੀਆਂ ਰਹਿਣਗੀਆਂ।
ਪਟਿਆਲਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵੀ ਕਿਸਾਨਾਂ ਦੀ ਹਮਾਇਤ ‘ਚ ਪੰਜਾਬੀ ਯੂਨੀਵਰਸਿਟੀ ਦਾ ਗੇਟ ਬੰਦ ਕੀਤਾ ਗਿਆ ਹੈ। ਵਿਦਿਆਰਥੀ ਜਥੇਬੰਦੀਆਂ ਨੇ ਭਾਰਤ ਬੰਦ ਦੇ ਚਲਦਿਆਂ ਪੰਜਾਬੀ ਯੂਨੀਵਰਸਿਟੀ ਦੇ ਗੇਟ ਬੰਦ ਕੀਤੇ ਹਨ।
ਇਸੇ ਤਰ੍ਹਾਂ ਅੰਮ੍ਰਿਤਸਰ ‘ਚ ਵੀ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਗੁਰੂ ਨਗਰੀ ‘ਚ ਭਰਵਾਂ ਹੁੰਗਾਰਾ ਮਿਲਿਆ ਹੈ। ਅੰਮ੍ਰਿਤਸਰ ਦੇ ਸਾਰੇ ਬਜ਼ਾਰ ਮੁਕੰਮਲ ਬੰਦ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਤੇ ਚੀਫ ਖਾਲਸਾ ਦੀਵਾਨ ਵਲੋਂ ਸਮੂਹ ਅਦਾਰੇ ਬੰਦ ਰੱਖੇ ਗਏ ਹਨ। ਹਰ ਵਰਗ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਨਗਰ ਨਿਗਮ ਦੇ ਸਫਾਈ ਮੁਲਾਜ਼ਮਾਂ ਵੱਲੋਂ ਵੀ ਕੰਮ ਕਾਜ ਬੰਦ ਕੀਤਾ ਗਿਆ ਹੈ।
ਬਠਿੰਡਾ ‘ਚ ਕਿਸਾਨਾਂ ਨੇ ਬਠਿੰਡਾ-ਮਾਨਸਾ, ਬਠਿੰਡਾ ਅੰਮ੍ਰਿਤਸਰ, ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਧਰਨਾ ਲਗਾ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨ ਨੇਤਾ ਜਸਵੀਰ ਸਿੰਘ ਨੇ ਭਾਰਤ ਬੰਦ ਦੌਰਾਨ ਲੋਕਾਂ ਦੇ ਮਿਲ ਰਹੇ ਸਮਰਥਨ ਲਈ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਹੋਵੇਗਾ। ਲੁਧਿਆਣੇ ਦੇ ਸਾਰੇ ਬਾਜ਼ਾਰ ਵੀ ਪੂਰੀ ਤਰ੍ਹਾਂ ਤੋਂ ਬੰਦ ਰਹੇ।
ਕਾਂਗਰਸੀ ਵਰਕਰਾਂ ਨੇ ਲੁਧਿਆਣਾ ਦੇ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕੀਤਾ। ਸਿਆਸੀ ਪਾਰਟੀਆਂ ਦੇ ਧਰਨੇ ‘ਚ ਕਿਸਾਨ ਯੂਨੀਅਨ ਦੇ ਝੰਡੇ ਵੀ ਦਿਖਾਈ ਦਿੱਤੇ। ਰੋਪੜ ‘ਚ ਕਿਸਾਨਾਂ ਨੇ ਰਾਸ਼ਟਰੀ ਮਾਰਗ ਜਾਮ ਕਰਕੇ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕੀਤਾ। ਮੁਕਤਸਰ ‘ਚ ਵੀ ‘ਭਾਰਤ ਬੰਦ’ ਦਾ ਅਸਰ ਦੇਖਣ ਨੂੰ ਮਿਲਿਆ। ਬੱਸ ਸੇਵਾਵਾਂ ਵੀ ਬੰਦ ਰਹੀਆਂ। ਬੰਦ ਦੇ ਸੱਦੇ ‘ਤੇ ਕੋਟਕਪੂਰਾ ਚੌਕ ‘ਤੇ ਕਿਸਾਨ ਸੰਗਠਨਾਂ ਨੇ ਧਰਨਾ ਲਗਾਇਆ। ਬੱਸ ਸਟੈਂਡ ‘ਤੇ ਪਨਬਸ ਮੁਲਾਜ਼ਮਾਂ ਨੇ ਵੀ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਇਆ।