Ravinder Grewal share post: ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੱਜ ਕਿਸਾਨਾਂ ਦਾ ਭਾਰਤ ਬੰਦ ਲਗਾਤਾਰ ਜਾਰੀ ਹੈ। ਦਿੱਲੀ ਤੋਂ ਬੰਗਾਲ ਅਤੇ ਯੂ ਪੀ ਤੋਂ ਕਰਨਾਟਕ ਤੱਕ, ਭਾਰਤ ਬੰਦ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਕਈ ਰਾਜਨੀਤਿਕ ਪਾਰਟੀਆਂ ਵੀ ਇਸ ਬੰਦ ਦੇ ਸਮਰਥਨ ਵਿੱਚ ਹਨ ਅਤੇ ਸੜਕਾਂ ‘ਤੇ ਉੱਤਰੀਆਂ ਆਈਆਂ ਹਨ। ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ । ਦਸੰਬਰ ਦੀ ਠੰਡ ‘ਚ ਦਿੱਲੀ ਬਾਰਡਰ ‘ਤੇ ਧਰਨਾ ਲਾਈ ਬੈਠੇ ਇਨ੍ਹਾਂ ਕਿਸਾਨਾਂ ‘ਚ ਬਜ਼ੁਰਗ, ਜਵਾਨ ਅਤੇ ਹੁਣ ਨੌਜਵਾਨ ਬੱਚੇ ਵੀ ਸ਼ਾਮਿਲ ਹੋ ਚੁੱਕੇ ਹਨ । ਠੰਡ ਦੇ ਬਾਵਜੂਦ ਬਜ਼ੁਰਗ ਕਿਸਾਨਾਂ ਦੇ ਉਤਸ਼ਾਹ ‘ਚ ਕੋਈ ਕਮੀ ਨਹੀਂ ਆਈ ਹੈ । ਇਹੋ ਜਿਹੇ ਹੀ ਇੱਕ ਬਜ਼ੁਰਗ ਕਿਸਾਨ ਸਨ ਰਵਿੰਦਰਪਾਲ, ਜੋ ਇਸ ਸੰਘਰਸ਼ ਦੇ ਲੇਖੇ ਆਪਣੀ ਜ਼ਿੰਦਗੀ ਲਾ ਗਏ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਉਨ੍ਹਾਂ ਦਾ ਇਸ ਸੰਘਰਸ਼ ਦੌਰਾਨ ਦਿਹਾਂਤ ਹੋ ਗਿਆ ਹੈ। ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਬਾਬੇ ਦੇ ਦਿਹਾਂਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਉੱਠ ਕਿਸਾਨਾ ਉੱਠ ਵੇ ਉੱਠਣ ਦਾ ਵੇਲਾ’ ਨਹੀਂ ਰਹੇ ਬਾਬਾ ਜੀ। ਜਿਸ ਦਿਨ ਮਿਲ਼ੇ ਸੀ ਬਾਬਾ ਕਹਿੰਦਾ ਸੀ ਮੇਰੀ ਜ਼ਿੰਦਗੀ ਸੰਘਰਸ਼ ਦੇ ਲੇਖੇ ਆ ..ਪਰ ਪਤਾ ਨੀ ਸੀ ਦੁਬਾਰਾ ਮੇਲੇ ਨੀ ਹੋਣੇ, ਛੋਟੀ ਜਿਹੀ ਮੁਲਾਕਾਤ ਚ ਬਹੁਤ ਕੁਸ਼ ਸਮਝਾ ਗਿਆ ..ਕਿਸਾਨੀ ਸੰਘਰਸ਼ ਦੇ ਸ਼ਹੀਦ ਬਾਬਾ ਰੁਵਿੰਦਰ ਪਾਲ ਜੀ ਨੂੰ ਕੋਟਿ ਕੋਟਿ ਪ੍ਣਾਮ।
ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ । ਹਾਲਾਂਕਿ ਸਰਕਾਰ ਵੱਲੋਂ ਇਸ ਸਬੰਧ ‘ਚ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ । ਪਰ ਇਸ ਸਬੰਧੀ ਕੋਈ ਵੀ ਹੱਲ ਹਾਲੇ ਤੱਕ ਨਿਕਲ ਸਕਿਆ ਹੈ । ਜਿਸ ਤੋਂ ਬਾਅਦ ਕਈ ਸਮਾਜਿਕ, ਧਾਰਮਿਕ ਜੱਥੇਬੰਦੀਆਂ ਦੇ ਨਾਲ ਨਾਲ ਫ਼ਿਲਮੀ ਹਸਤੀਆਂ ਵੀ ਲਗਾਤਾਰ ਸਮਰਥਨ ਦੇ ਰਹੀਆਂ ਹਨ।