Innova car collided : ਪੰਜਾਬ ਦੇ ਟਾਂਡਾ ਉੜਮੁੜ ‘ਚ ਬੁੱਧਵਾਰ ਸਵੇਰੇ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਬਿਜਲੀ ਘਰ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਇਨੋਵਾ ਕਾਰ ਅਤੇ ਸਕੂਟੀ ਦਰਮਿਆਨ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਹੋਇਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰ ਸਵਾਰ ਹਵਾ ‘ਚ ਉਛਲ ਕੇ ਘਟਨਾ ਵਾਲੀ ਥਾਂ ਤੋਂ ਦੂਰ ਜਾ ਡਿੱਗੇ। ਦੂਜੇ ਪਾਸੇ ਕਾਰ ਪਲਟ ਕੇ ਬਿਜਲੀ ਘਰ ਦੇ ਅੰਦਰ ਵੜ ਗਈ।
ਜ਼ਖਮੀਆਂ ਨੂੰ ਟਾਂਡਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਬਾਅਦ ‘ਚ ਉਨ੍ਹਾਂ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਹਾਦਸਾ ਲਗਭਗ ਸਵੇਰੇ 6.30 ਵਜੇ ਵਾਪਰਿਆ। ਪੁਲਿਸ ਨੂੰ ਫੋਨ ‘ਤੇ ਘਟਨਾ ਬਾਰੇ ਪਤਾ ਲੱਗਾ ਕਿ ਹਾਈਵੇ ‘ਤੇ ਦੋ ਲਾਸ਼ਾਂ ਪਈਆਂ ਹਨ। ਪੁਲਿਸ ਮੌਕੇ ‘ਤੇ ਪੁੱਜੀ ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਸਾਰੀ ਘਟਨਾ ਦੇਖ ਕੇ ਸਾਨੂੰ ਸਿਰਫ ਇਹੀ ਸੀਖ ਮਿਲਦੀ ਹੈ ਕਿ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਨੋਵਾ ਕਾਰ ਦਿੱਲੀ ਤੋਂ ਜੰਮੂ ਜਾ ਰਹੀ ਸੀ। ਮ੍ਰਿਤਕਾਂ ਦੀ ਪਛਾਣ ਜਤਿੰਦਰ ਕੁਮਾਰ ਪੁੱਤਰ ਨਿਹਾਲ ਸਿੰਘ ਨਿਵਾਸੀ ਵਾਰਡ ਨੰਬਰ -2 ਬਿਜਲੀ ਘਰ ਕਲੋਨੀ ਅਤੇ ਸੋਢੀ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਤਲਵੰਡੀ ਸੱਲਾ ਵਜੋਂ ਹੋਈ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਟਾਂਡਾ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਵੇਂ ਵਾਪਰਿਆ।