Jathedar Harpreet objects : ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖਾਲਿਸਤਾਨੀ ਦੱਸਣ ‘ਤੇ ਸਖਤ ਇਤਰਾਜ਼ ਜਤਾਇਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਨੂੰ ਕਿਸਾਨੀ ਲਹਿਰ ਨੂੰ ਬਦਨਾਮ ਕਰਨ ਲਈ ਖਾਲਿਸਤਾਨ ਨਾਲ ਜੋੜਨ ਦੀ ਸਾਜਿਸ਼ ਰਚੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਵੀ ਕਿਸਾਨਾਂ ਨੂੰ ਦੇਸ਼ ਵਿਰੋਧੀ ਸਾਬਤ ਕਰਨ ਦੀ ਇਸ ਸਾਜਿਸ਼ ‘ਚ ਸ਼ਾਮਲ ਹਨ। ਇਹ ਸਾਜਿਸ਼ ਬਹੁਤ ਮੰਦਭਾਗੀ ਹੈ। ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਇਸ ਕਿਸਮ ਦੀ ਸਾਜਿਸ਼ ਦੇਸ਼ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਹਦੂਦ ‘ਚ ਸਥਿਤ ਆਪਣੇ ਦਫ਼ਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਲੋਕਾਂ ਦੀ ਭਲਾਈ ਲਈ ਕਾਨੂੰਨ ਬਣਾਉਂਦੀਆਂ ਹਨ। ਜਿਨ੍ਹਾਂ ਕਾਨੂੰਨਾਂ ਨੂੰ ਲੋਕ ਹਿਤੈਸ਼ੀ ਦੱਸਿਆ ਜਾਂਦਾ ਹੈ, ਜੇਕਰ ਉਹ ਕਾਨੂੰਨ ਕਿਸਾਨ, ਮਜ਼ਦੂਰ, ਵਪਾਰੀ ਅਤੇ ਸਮਾਜ ਦੇ ਹੋਰ ਵਰਗਾਂ ਸਵੀਕਾਰ ਨਹੀਂ ਕਰਦੇ, ਤਾਂ ਕੇਂਦਰ ਸਰਕਾਰ ਨੂੰ ਅਜਿਹੇ ਕਾਨੂੰਨਾਂ ਨੂੰ ਵਾਪਸ ਕਰਨ ਤੋਂ ਗੁਰੇਜ਼ ਨਹੀਂ ਚਾਹੀਦਾ। ਜਿਨ੍ਹਾਂ ਕਾਨੂੰਨਾਂ ਵਿਰੁੱਧ ਦੇਸ਼ ਖੜ੍ਹਾ ਹੋ ਜਾਵੇ, ਉਨ੍ਹਾਂ ਕਾਨੂੰਨਾਂ ਦਾ ਕੋਈ ਲਾਭ ਨਹੀਂ ਹੈ।
ਜਥੇਦਾਰ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਕਿਸਾਨ ਜੱਥੇਬੰਦੀਆਂ ਅਤੇ ਖੇਤੀ ਮਾਹਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਕਾਨੂੰਨ ਬਾਰੇ ਲੋਕ ਸਭਾ ਅਤੇ ਰਾਜ ਸਭਾ ‘ਚ ਵਿਚਾਰ ਵਟਾਂਦਰੇ ਕੀਤੇ ਜਾਣੇ ਚਾਹੀਦੇ ਸਨ। ਕੇਂਦਰ ਸਰਕਾਰ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਖੇਤੀਬਾੜੀ ਕਾਨੂੰਨ ਵਾਪਿਸ ਲੈਣ ਦੀ ਮੰਗ ‘ਤੇ ਅੜੇ ਕਿਸਾਨਾਂ ਨੂੰ ਅੱਜ ਸਰਕਾਰ ਤੋਂ ਲਿਖਤੀ ਪ੍ਰਸਤਾਵ ਮਿਲਿਆ ਹੈ। ਸਰਕਾਰ ਨੇ ਐਮਐਸਪੀ, ਮੰਡੀ ਪ੍ਰਣਾਲੀ ਬਾਰੇ ਆਪਣੀ ਤਰਫੋਂ ਕੁੱਝ ਸੋਧਾਂ ਦਾ ਸੁਝਾਅ ਦਿੱਤਾ ਹੈ, ਜਿਸ ਦਾ ਹੁਣ ਕਿਸਾਨ ਜਵਾਬ ਦੇਣਗੇ। ਕੇਂਦਰ ਸਰਕਾਰ ਦਾ ਪ੍ਰਸਤਾਵ ਮਿਲਣ ਤੋਂ ਬਾਅਦ ਕਿਸਾਨਾਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਬੈਠਕ ਵਿੱਚ ਸਾਰੀਆਂ 40 ਜਥੇਬੰਦੀਆਂ ਸ਼ਾਮਿਲ ਹਨ, ਜੋ ਸਰਕਾਰ ਨਾਲ ਗੱਲਬਾਤ ਕਰ ਰਹੀਆਂ ਹਨ। ਪਰ ਜਿਹੜੇ ਕਿਸਾਨ ਸਵੇਰ ਤੱਕ ਨਰਮ ਰੁਖ ਦਿਖਾ ਰਹੇ ਸੀ ਉਹ ਹੁਣ ਜੋਸ਼ ਵਿੱਚ ਵਾਪਿਸ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਪ੍ਰਸਤਾਵ ਨੂੰ ਜ਼ਰੂਰ ਵੇਖਣਗੇ ਪਰ ਉਨ੍ਹਾਂ ਦੀ ਮੰਗ ਸਿਰਫ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਦੀ ਹੈ।