Forests of Machhiwara : ਗੁਰਦੁਆਰਾ ਚਰਨਕੰਵਲ ਸਾਹਿਬ ਉਹ ਅਸਥਾਨ ਹੈ ਜਿਥੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ‘ਚ ਆਪਣੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੂੰ ਅਤੇ ਆਪਣੇ ਜਾਨ ਤੋਂ ਪਿਆਰੇ ਸਿੱਖਾਂ ਨੂੰ ਮੁਗਲ ਫੌਜਾਂ ਦੇ ਨਾਲ ਜੂਝਦਿਆਂ ਛੱਡ ਕੇ ਨੰਗੇ ਪੈਂਰੀ, ਫਟੇ ਬਸਤਰ, ਪੈਰਾਂ ‘ਚ ਛਾਲੇ, ਸਿਰ ‘ਤੇ ਤਾਜ ਨਹੀਂ, ਹੱਥ ‘ਚ ਬਾਜ਼ ਨਹੀਂ ਤੇ ਕੰਢਿਆਲੇ ਰਸਤੇ ਤੋਂ ਹੁੰਦੇ ਹੋਏ ਇਥੇ ਪੁੱਜੇ। ਗੁਲਾਬੀ ਖੱਤਰੀ ਦੇ ਬਾਗਾਂ ‘ਚ ਖੂਹ ਤੋਂ ਜਲ ਛਕਣ ਤੋਂ ਬਾਅਦ 70 ਗਜ਼ ਦੀ ਦੂਰੀ ‘ਤੇ ਜੰਡ ਹੇਠਾਂ ਢਿੰਡ ਦਾ ਸਿਰਹਾਣਾ ਬਣਾ ਕੇ ਤੇ ਹੱਥ ‘ਚ ਨੰਗੀ ਸ਼ਮਸ਼ੀਰ ਫੜ ਕੇ ਆਰਾਮ ਕਰਨ ਲੱਗੇ। ਦੂਜੇ ਪਾਸੇ ਚਮਕੌਰ ਦੀ ਗੜ੍ਹੀ ‘ਚ ਦੋਵੇਂ ਸਾਹਿਬਜ਼ਾਦੇ ਤੇ ਕਈ ਸਿੱਖ ਸ਼ਹੀਦ ਹੋ ਚੁੱਕੇ ਸਨ ਪਰ ਫਿਰ ਵੀ ਦਸਮੇਸ਼ ਪਿਤਾ ਦਾ ਸਿਦਕ ਨਹੀਂ ਡੋਲ੍ਹਿਆ।
ਸ੍ਰੀ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਦਸਮ ਪਾਤਸ਼ਾਹ ਚਮਕੌਰ ਦੀ ਗੜ੍ਹੀ ‘ਚ ਆਪਣੇ ਲਖਤ-ਏ-ਜਿਗਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਸ਼ਹੀਦ ਕਰਵਾਉਣ ਤੋਂ ਬਾਅਦ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਸੱਚੇ ਪਾਤਸ਼ਾਹ ਇਸ ਧਰਤੀ ‘ਤੇ ਆ ਕੇ ਸਤਿਗੁਰੂ ਜੀ ਨੇ ਇਸ ਪਵਿੱਤਰ ਧਰਤੀ ‘ਤੇ ਆਪਣੇ ਚਰਨ ਪਾਏ, ਜਿਥੇ ਇੱਕ ਖੂਹ ਵੀ ਹੈ। ਸਭ ਤੋਂ ਪਹਿਲਾਂ ਗੁਰੂ ਸਾਹਿਬ ਖੂਹ ‘ਤੇ ਪਹੁੰਚੇ ਜਿਥੋਂ ਇੱਕ ਢਿੰਡ ਲੈ ਕੇ ਜੰਡ ਸਾਹਿਬ ਹੇਠਾਂ ਆਏ ਤੇ ਉਨ੍ਹਾਂ ਨੇ ਆਰਾਮ ਕੀਤਾ। ਤਿੰਨ ਗੁਰਸਿੱਖ ਪਿਆਰੇ ਭਾਈ ਧਰਮ ਸਿੰਘ, ਦਇਆ ਸਿੰਘ ਤੇ ਮਾਨ ਸਿੰਘ ਜੋ ਸ੍ਰੀ ਚਮਕੌਰ ਸਾਹਿਬ ਦੀ ਗੜ੍ਹੀ ਤੋਂ ਹੀ ਨਾਲ ਤੁਰੇ ਸਨ, ਅੰਮ੍ਰਿਤ ਵੇਲੇ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਅਸੀਂ ਤੁਹਾਡੀ ਜੋ ਸਰੀਰਕ ਹਾਲਤ ਦੇਖ ਰਹੇ ਹਾਂ, ਪੈਰਾਂ ‘ਚ ਕੰਢੇ ਚੁਭੇ ਹੋਏ ਹਨ ਤੇ ਛਾਲੇ ਵੀ ਪਏ ਹੋਏ ਹਨ ਜਿਸ ਕਾਰਨ ਬਹੁਤ ਹੀ ਦੁਖਦ ਮਾਹੌਲ ਸਾਡੇ ਸਾਹਮਣੇ ਆ ਰਿਹਾ ਹੈ। ਉਸ ਸਮੇਂ ਕਲਗੀਧਰ ਦਸਮੇਸ਼ ਪਿਤਾ ਨੇ ਇਹ ਸ਼ਬਦ ਉਚਾਰਨ ਕੀਤਾ- ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥ ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥ ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥ ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥
ਭਾਈ ਗੁਲਾਬੋ ਜੀ ਨੇ ਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਸਤਿਕਾਰ ਨਾਲ ਉਨ੍ਹਾਂ ਨੂੰ ਘਰ ਲਿਆਂਦਾ ਤੇ ਜ਼ਖਮਾਂ ‘ਤੇ ਮੱਲ੍ਹਮ ਪੱਟੀ ਕੀਤੀ। ਘੋੜਿਆਂ ਦੇ ਸੌਦਾਗਰ ਗਨੀ ਖਾਂ ਤੇ ਨਬੀ ਖਾਂ ਨੂੰ ਜਦੋਂ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਭਾਈ ਗੁਲਾਬੇ ਦੇ ਘਰੋਂ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਕੇ ਆਏ। ਇਥੇ ਸਤਿਗੁਰੂ ਜੀ ਨੇ ਮਾਤਾ ਹਰਦਈ ਨੂੰ ਬੁਲਾਇਆ ਤੇ ਉਹ ਆ ਕੇ ਵਸਤਰ ਭੇਟ ਕਰਕੇ ਗਏ ਤੇ ਭਾਈ ਗੁਲਾਬਾ ਤੇ ਪੰਜਾਬਾ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਤੇ ਇਸ ਗੱਲ ਦਾ ਪਤਾ ਜਦੋਂ ਗਨੀ ਤੇ ਨਬੀ ਖਾਂ ਨੂੰ ਲੱਗਾ ਤਾਂ ਉਹ ਵੀ ਪ੍ਰੇਮ ਭਾਵ ਨਾਲ ਗੁਰੂ ਜੀ ਨੂੰ ਬੇਨਤੀ ਕਰਨ ਆਏ ਕਿ ਸਾਡੇ ਘਰ ਵੀ ਚਰਨੀਂ ਪਾਉਣ।
ਬਹਾਵਲਪੁਰ ਨੇੜੇ ਇੱਕ ਉੱਚ ਪਿੰਡ ਸੀ ਜਿਥੋਂ ਦੇ ਸੂਫੀ ਡੇਰੇ ਕਾਫੀ ਮਸ਼ਹੂਰ ਸਨ ਤੇ ਉਥੋਂ ਦੇ ਸੂਫੀ ਸੰਤਾਂ ਦੀ ਕਾਫੀ ਆਓਭਗਤ ਹੁੰਦੀ ਸੀ। ਜਿਸ ਦੇ ਚੱਲਦੇ ਹੀ ਗਨੀ ਖਾਂ ਤੇ ਨਬੀ ਖਾਂ ਨੇ ਦਿਲਾਵਰ ਖਾਂ ਨਾਲ ਮਿਲ ਕੇ ਗੁਰੂ ਜੀ ਨੂੰ ‘ਉੱਚ ਦਾ ਪੀਰ’ ਕਹਿ ਕੇ ਮਿਲਵਾਇਆ ਤੇ ਅੱਗੇ ਲੈ ਕੇ ਗਏ। ਇਥੇ ਤਿੰਨ ਗੁਰਦੁਆਰੇ ਚਰਨ ਕੰਵਲ ਸਾਹਿਬ, ਗੁਰਦੁਆਰਾ ਚੌਬਾਰਾ ਸਾਹਿਬ ਤੇ ਗੁਰਦੁਆਰਾ ਭਾਈ ਨਬੀ ਖਾਂ ਤੇ ਗਨੀ ਖਾਂ ਵੀ ਸੁਸ਼ੋਭਿਤ ਹਨ। ਸਮੇਂ ਦੇ ਹਾਕਮਾਂ ਨੂੰ ਜਫਰਨਾਮਾ ਲਿਖ ਕੇ, ਕਲਮ ਦੀ ਮਾਰ ਨਾਲ ਚਿਤ ਕਰਦੇ ਹੋਏ ਤੇ ਮਾਧੋ ਦਾਸ ਨੂੰ ਬੰਦਾ ਬਹਾਦਰ ਦਾ ਰੁਤਬਾ ਦਿੰਦੇ ਹੋਏ ਪੰਜਾਬ ਦੇ ਵੱਲ ਤੁਰਨ ਤੋਂ ਬਾਅਦ ਆਪ ਜੀ ਨੇ ਆਪਣੇ ਆਖਰੀ ਦਿਨ ਨਾਂਦੇੜ ਦੀ ਧਰਤੀ ‘ਤੇ ਬਿਤਾਏ। ਉਥੇ ਹੀ 1708 ਈ. ਜਮਸ਼ੇਰ ਖਾਨ ਪਠਾਨ ਨੇ ਗੁਰੂ ਸਾਹਿਬ ਦੇ ਸੁੱਤੇ ਹੋਏ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਬੇਹੱਦ ਜ਼ਖਮੀ ਹੋਣ ਦੇ ਬਾਵਜੂਦ ਗੁਰੂ ਸਾਹਿਬ ਨੇ ਪਲਟਵਾਂ ਵਾਰ ਕਰਕੇ ਜਮਸ਼ੇਰ ਖਾਨ ਨੂੰ ਥਾਈਂ ਮਾਰ ਦਿਤਾ ਤੇਕਾਫੀ ਦਿਨ ਜ਼ਖਮੀ ਰਹਿਣ ਤੋਂ ਬਾਅਦ ਗੁਰੂ ਸਾਹਿਬ ਜੀ ਅਕਾਲ ਪੁਰਖ ਦੀ ਜੋਤਿ ‘ਚ ਸਮਾ ਗਏ।