National conference leader omar abdullah : ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਦੀਆਂ ਚੋਣਾਂ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਹੁਣ ਭਾਜਪਾ ਸਰਕਾਰ ਇੱਥੇ ਵਿਧਾਨ ਸਭਾ ਚੋਣਾਂ ਜਲਦੀ ਨਹੀਂ ਕਰਵਾਏਗੀ। ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਬਦੁੱਲਾ ਨੇ ਕਿਹਾ, “ਇਸ ਹਾਰ ਨਾਲ ਮੈਨੂੰ ਨਹੀਂ ਲਗਦਾ ਕਿ ਭਾਜਪਾ ਜਲਦੀ ਹੀ ਇੱਥੇ ਵਿਧਾਨ ਸਭਾ ਚੋਣਾਂ ਕਰਵਾਏਗੀ। ਜੇ ਉਹ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹਨ ਤਾਂ ਉਹ ਹੁਣ ਤੱਕ ਚੋਣਾਂ ਦਾ ਐਲਾਨ ਕਰ ਦਿੰਦੇ। ਇਸ ਲਈ ਸਾਡੇ ਕੋਲ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਮਾਂ ਹੈ।” ਸਾਬਕਾ ਸੀਐਮ ਅਬਦੁੱਲਾ ਨੇ ਕਿਹਾ ਕਿ ਸਾਨੂੰ ਇਹ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਕੁੱਝ ਖੇਤਰਾਂ ਵਿੱਚ ਸਾਡੀ ਸੰਸਥਾ ਵਿੱਚ ਕੁੱਝ ਕਮਜ਼ੋਰੀਆਂ ਹਨ। ਅਸੀਂ ਕੁੱਝ ਸੀਟਾਂ ‘ਤੇ ਚੋਣਾਂ ਜਿੱਤਣ ਦੀ ਉਮੀਦ ਕਰ ਰਹੇ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦ ਦੀ ਪਹਿਲੀ ਚੋਣ ਵਿੱਚ, ਫਾਰੂਕ ਅਬਦੁੱਲਾ ਦੀ ਅਗਵਾਈ ਵਾਲੀ ਸੱਤ ਪਾਰਟੀਆਂ ਦੇ ਗੁਪਕਾਰ ਗੱਠਜੋੜ ਨੇ ਤਾਂ 280 ਵਿੱਚੋਂ 112 ਸੀਟਾਂ ਜਿੱਤੀਆਂ ਹਨ ਜਾਂ ਅੱਗੇ ਹਨ। ਇਸ ਦੇ ਨਾਲ ਹੀ ਭਾਜਪਾ 73 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ।
ਕੇਂਦਰ ਸ਼ਾਸਤ ਪ੍ਰਦੇਸ਼ ਦੇ ਚੋਣ ਕਮਿਸ਼ਨ ਦੇ ਅਨੁਸਾਰ ਗੁਪਕਾਰ ਗੱਠਜੋੜ ਨੇ 100 ਸੀਟਾਂ ਜਿੱਤੀਆਂ ਹਨ ਅਤੇ 12 ਤੇ ਅੱਗੇ ਚੱਲ ਰਹੀ ਹੈ। ਹੁਣ ਤੱਕ 47 ਆਜ਼ਾਦ ਉਮੀਦਵਾਰ ਜਿੱਤੇ ਹਨ ਅਤੇ ਆਜ਼ਾਦ ਉਮੀਦਵਾਰ ਛੇ ਸੀਟਾਂ ‘ਤੇ ਅੱਗੇ ਚੱਲ ਰਹੇ ਹਨ। ਜੰਮੂ ਕਸ਼ਮੀਰ ਅਪਨੀ ਪਾਰਟੀ (ਜੇਕੇਏਪੀ) ਨੇ 11 ਸੀਟਾਂ ਜਿੱਤੀਆਂ ਹਨ ਅਤੇ ਇੱਕ ਸੀਟ ‘ਤੇ ਅੱਗੇ ਚੱਲ ਰਹੀ ਹੈ। ਕਾਂਗਰਸ ਨੇ ਹੁਣ ਤੱਕ 22 ਸੀਟਾਂ ਜਿੱਤੀਆਂ ਹਨ ਅਤੇ ਉਹ ਪੰਜ ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ, ਡੀਡੀਸੀ ਦੀ ਚੋਣ 28 ਨਵੰਬਰ ਨੂੰ ਸ਼ੁਰੂ ਹੋਈ ਸੀ ਅਤੇ ਅੱਠ ਪੜਾਵਾਂ ਵਿੱਚ ਪੂਰੀ ਹੋਈ ਸੀ। ਅਗਸਤ 2019 ਵਿੱਚ ਸੰਵਿਧਾਨ ਦੀ ਧਾਰਾ 370 ਦੇ ਬਹੁਤੇ ਉਪਬੰਧਾਂ ਨੂੰ ਖਤਮ ਕਰਦਿਆਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਖਤਮ ਹੋਣ ਤੋਂ ਬਾਅਦ ਰਾਜ ਵਿੱਚ ਇਹ ਪਹਿਲੀ ਚੋਣ ਹੈ। ਕੁੱਲ 280 ਸੀਟਾਂ (ਜੰਮੂ ਵਿੱਚ 140 ਅਤੇ ਕਸ਼ਮੀਰ ਵਿੱਚ 140) ‘ਤੇ ਵੋਟਾਂ ਪਈਆਂ ਹਨ।