Visva-Bharati University 100 Years: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਬੰਗਾਲ ਵਿੱਚ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਨੂੰ ਸੰਬੋਧਿਤ ਕਰਨਗੇ । ਉਨ੍ਹਾਂ ਦਾ ਇਹ ਸੰਬੋਧਨ ਵੀਡੀਓ ਕਾਨਫਰੰਸਿੰਗ ਰਾਹੀਂ ਸਵੇਰੇ 11 ਵਜੇ ਹੋਵੇਗਾ। ਉੱਥੇ ਹੀ ਇਸ ਮੌਕੇ ਪੱਛਮੀ ਬੰਗਾਲ ਦੇ ਰਾਜਪਾਲ ਅਤੇ ਕੇਂਦਰੀ ਸਿੱਖਿਆ ਮੰਤਰੀ ਵੀ ਮੌਜੂਦ ਰਹਿਣਗੇ।
ਇਸ ਸਬੰਧੀ ਪ੍ਰਧਾਨ ਮੰਤਰੀ ਨੇ ਇਸ ਬਾਰੇ ਗੱਲ ਕਰਦਿਆਂ ਇੱਕ ਟਵੀਟ ਵੀ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ,”ਵਿਸ਼ਵ ਭਾਰਤੀ ਯੂਨੀਵਰਸਿਟੀ, ਸ਼ਾਂਤੀ ਨਿਕੇਤਨ ਦੇ ਸ਼ਤਾਬਦੀ ਸਮਾਗਮ ਨੂੰ ਸੰਬੋਧਿਤ ਕਰਨ ਦੀ ਉਡੀਕ ਵਿੱਚ ਹਾਂ, ਜੋ ਕਿ ਦੇਸ਼ ਦੇ ਬਹੁਤ ਮਹੱਤਵਪੂਰਨ ਸੰਸਥਾਨਾਂ ਵਿੱਚੋਂ ਇੱਕ ਹੈ ਤੇ ਗੁਰੂਦੇਵ ਟੈਗੋਰ ਨਾਲ ਵੀ ਜੁੜੀ ਹੈ। ਸੰਬੋਧਨ ਲਈ 24 ਦਸੰਬਰ ਨੂੰ 11 ਵਜੇ ਜੁੜੋ।”
ਦੱਸ ਦੇਈਏ ਕਿ ਗੁਰੂਦੇਵ ਰਬਿੰਦਰਨਾਥ ਟੈਗੋਰ ਦੇ 1921 ਵਿੱਚ ਸਥਾਪਿਤ ਵਿਸ਼ਵ-ਭਾਰਤੀ ਦੇਸ਼ ਦੀ ਸਭ ਤੋਂ ਪੁਰਾਣੀ ਕੇਂਦਰੀ ਯੂਨੀਵਰਸਿਟੀ ਵੀ ਹੈ। ਮਈ 1951 ਵਿੱਚ ਸੰਸਦ ਦੇ ਇੱਕ ਐਕਟ ਦੇ ਵਿਸ਼ਵ-ਭਾਰਤੀ ਨੂੰ ਇੱਕ ਕੇਂਦਰੀ ਯੂਨੀਵਰਸਿਟੀ ਅਤੇ ‘ਰਾਸ਼ਟਰੀ ਮਹੱਤਤਾ ਦਾ ਇੰਸਟੀਚਿਊਟ’ ਐਲਾਨਿਆ ਗਿਆ ਸੀ। ਇਸ ਯੂਨੀਵਰਸਿਟੀ ਨੇ ਗੁਰੂਦੇਵ ਟੈਗੋਰ ਦੀ ਵਿਕਸਿਤ ਵਿਦਵਤਾ ਦੀ ਪਾਲਣਾ ਕੀਤੀ ਪਰ ਹੌਲੀ-ਹੌਲੀ ਇਸ ਨੇ ਇਹ ਮਾਡਲ ਅਪਣਾਇਆ ਜਿਸ ਵਿੱਚ ਇੱਕ ਆਧੁਨਿਕ ਯੂਨੀਵਰਸਿਟੀ ਵਿਕਸਤ ਹੁੰਦੀ ਹੈ। ਪ੍ਰਧਾਨ ਮੰਤਰੀ ਇਸ ਯੂਨੀਵਰਸਿਟੀ ਦੇ ਚਾਂਸਲਰ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਨੂੰ ਵੀ ਸੰਬੋਧਿਤ ਕੀਤਾ ਸੀ । ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਇੱਕ ਛੋਟੇ ਭਾਰਤ ਦੀ ਤਰ੍ਹਾਂ ਹੈ।
ਇਹ ਵੀ ਦੇਖੋ: ਹਰਿਆਣਾ ਦੇ ਸੋਨੀਪਤ ਤੋਂ ਟਰਾਲੀਆਂ ਭਰ-ਭਰ ਪਹੁੰਚੀਆਂ ਔਰਤਾਂ, ਮੋਦੀ ‘ਤੇ ਕੱਢੀ ਰੱਜ ਕੇ ਭੜਾਸ