‘NRI Chalo Delhi’ campaign : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 30ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਇੱਕ ਪਾਸੇ ਜਿੱਥੇ ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ’ਤੇ ਅੜੇ ਹੋਏ ਹਨ ਉਥੇ ਹੀ ਕੇਂਦਰ ਸਰਕਾਰ ਸੋਧ ਨੂੰ ਤਾਂ ਮੰਨ ਰਹੀ ਹੈ ਪਰ ਕਾਨੂੰਨ ਰੱਦ ਨਹੀਂ ਕਰ ਰਹੀ। ਇਸ ਦੌਰਾਨ ਬਾਰਡਰਾਂ ’ਤੇ ਡਟੇ ਕਿਸਾਨਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ। ਵਿਦੇਸ਼ਾਂ ਵਿੱਚ ਬੈਠੇ ਭਾਰਤੀ ਪਹਿਲਾਂ ਹੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਹਨ ਅਤੇ ਹੁਣ ਉਹ ਇਸ ਦਾ ਹਿੱਸਾ ਬਣਨ ਲਈ ਭਾਰਤ ਆ ਰਹੇ ਹਨ।
ਵਿਦੇਸ਼ਾਂ ਵਿੱਚ ਵੱਸ ਰਹੇ ਪੰਜਾਬੀਆਂ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ‘ਐਨਆਰਆਈ ਚਲੋ ਦਿੱਲੀ’ ਚਲਾਈ ਹੈ ਜਿਸ ਅਧੀਨ ਸੁਰਿੰਦਰ ਮਾਵੀ ਕੈਨੇਡਾ ਟਰਾਂਟੋ (ਪਟਿਆਲਾ) ਆਪਣੇ ਸਾਥੀਆਂ ਰਮਨ ਬਰਾੜ ਟਰਾਂਟੋ (ਫਰੀਦਕੋਟ), ਵਿਕਰਮਜੀਤ ਸਰਾਂ ਵੈਨਕੂਵਰ (ਮਾਨਸਾ), ਦਵਿੰਦਰ ਸਿੰਘ ਘਲੋਟੀ ਜਰਮਨੀ (ਲੁਧਿਆਣਾ), ਜਗਜੀਤ ਸਿੰਘ ਜਰਮਨੀ (ਕਪੂਰਥਲਾ), ਹਰਪ੍ਰੀਤ ਸਿੰਘ ਜਰਮਨੀ (ਜਲੰਧਰ), ਮੇਜਰ ਸਿੰਘ ਇੰਗਲੈਂਡ, ਭਵਜੀਤ ਸਿੰਘ ਆਸਟਰੇਲੀਆ (ਲੁਧਿਆਣਾ), ਅੰਮ੍ਰਿਤਪਾਲ ਢਿੱਲੋ ਕੈਲੇਫੋਰਨੀਆ(ਕਪੂਰਥਲਾ), ਦਲਵਿੰਦਰ ਸਿੰਘ ਨਿਊ ਯਾਰਕ (ਬਠਿੰਡਾ), ਬਲਜਿੰਦਰ ਸਿੰਘ ਨਿਊ ਜਰਸੀ (ਨਕੋਦਰ),ਅਵਤਾਰ ਸਿੱਧੂ ਅਲਬਰਟਾ (ਮੋਗਾ) ਅਤੇ ਹੋਰ ਅਨੇਕਾਂ NRI ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਭਾਰਤ ਆ ਰਹੇ ਹਨ।
ਐੱਨਆਰਆਈਜ਼ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਉਦੇਸ਼ ਕਿਸਾਨ ਭਰਾਵਾਂ ਦੀ ਮਦਦ ਤੇ ਐਨ. ਆਰ. ਆਈ ਸਪੋਰਟ ਨੂੰ ਸੰਗਠਿਤ ਕਰਨਾ ਹੈ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਹੀ ਭਾਰਤ ਪਹੁੰਚ ਚੁੱਕੇ ਪੰਜਾਬੀ ਵੀਰਾਂ ਨੂੰ ਅਪੀਲ ਕੀਤੀ ਹੈ ਕਿ 30 ਦਸੰਬਰ ਨੂੰ ਦੁਪਹਿਰ 12.30 ਵਜੇ ਮੁੱਖ ਸਟੇਜ ਦੇ ਅੱਗੇ ਪਹੁੰਚਣ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਕਿਸਾਨਾਂ ਦੇ ਪੁੱਤ ਹੋਣ ਕਰਕੇ ਇਹ ਉਹਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਜਮੀਨ ਤੇ ਸੰਘਰਸ਼ ਕਰ ਰਹੇ ਕਿਸਾਨ ਧੀਆਂ ਪੁੱਤਰਾਂ ਦਾ ਸਾਥ ਦੇਣ ਅਤੇ ਮੋਢੇ ਨਾਲ ਮੋਢਾ ਲਾ ਕੇ ਖੜਣ।ਦੱਸਣਯੋਗ ਹੈ ਕਿ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਵਿਚਾਲੇ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੀ ਨਵੀਂ ਤਰੀਕ ਤੈਅ ਕਰਨ ਲਈ ਇੱਕ ਹੋਰ ਪੱਤਰ ਭੇਜਿਆ ਗਿਆ ਹੈ। ਕੱਲ੍ਹ, ਕੇਂਦਰ ਸਰਕਾਰ ਨੇ ਮੁੜ ਕਿਸਾਨਾਂ ਨੂੰ ਚਿੱਠੀ ਲਿਖ ਕੇ ਗੱਲਬਾਤ ਦੀ ਮੇਜ਼ ਉੱਤੇ ਵਾਪਿਸ ਆਉਣ ਦੀ ਅਪੀਲ ਕੀਤੀ ਹੈ। ਸਰਕਾਰ ਦੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਹ ਸਾਰੇ ਮੁੱਦਿਆਂ ‘ਤੇ ਖੁੱਲੇ ਵਿਚਾਰਾਂ ਦੇ ਨਾਲ ਨਾਲ ਐਮਐਸਪੀ ਬਾਰੇ ਲਿਖਤੀ ਭਰੋਸਾ ਦੇਣ ਲਈ ਵੀ ਤਿਆਰ ਹਨ।