CBSE board exams 2021 dates: ਕੋਰੋਨਾ ਕਾਲ ਵਿਚਾਲੇ CBSE ਦੇ ਲੱਖਾਂ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ । ਲੰਬੇ ਸਮੇਂ ਤੋਂ ਬੋਰਡ ਪ੍ਰੀਖਿਆ ਦੀਆਂ ਤਰੀਕਾਂ ਨੂੰ ਲੈ ਕੇ ਚੱਲ ਰਿਹਾ ਖਦਸ਼ਾ ਹੁਣ 31 ਦਸੰਬਰ ਨੂੰ ਖ਼ਤਮ ਹੋਣ ਵਾਲਾ ਹੈ। ਜੀ ਹਾਂ, ਇਸ ਸਬੰਧੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੱਲੋਂ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਟਵੀਟ ਕਰ ਦੱਸਿਆ ਹੈ ਕਿ ਉਹ 31 ਦਸੰਬਰ ਨੂੰ ਐਲਾਨ ਕਰਨਗੇ ਕਿ CBSE ਬੋਰਡ ਪ੍ਰੀਖਿਆਵਾਂ ਕਦੋਂ ਹੋਣਗੀਆਂ।
ਸਿੱਖਿਆ ਮੰਤਰੀ ਨਿਸ਼ੰਕ ਦੇ ਇਸ ਟਵੀਟ ਤੋਂ ਬਾਅਦ ਹੁਣ ਕੁਝ ਦਿਨਾਂ ਬਾਅਦ ਲੱਖਾਂ ਵਿਦਿਆਰਥੀਆਂ ਨੂੰ ਇਹ ਪਤਾ ਚੱਲ ਜਾਵੇਗਾ ਕਿ ਉਨ੍ਹਾਂ ਦੀ ਬੋਰਡ ਪ੍ਰੀਖਿਆਵਾਂ ਕਦੋਂ ਤੋਂ ਆਯੋਜਿਤ ਹੋਣਗੀਆਂ । ਦਰਅਸਲ, ਸਿੱਖਿਆ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ,”ਵਿਦਿਆਰਥੀਆਂ ਅਤੇ ਮਾਤਾ-ਪਿਤਾ ਲਈ ਜ਼ਰੂਰੀ ਸੂਚਨਾ, CBSE 2021 ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਲਈ ਮੈਂ 31 ਦਸੰਬਰ ਸ਼ਾਮ 6 ਵਜੇ ਘੋਸ਼ਣਾ ਕਰਾਂਗਾ ਕਿ ਉਨ੍ਹਾਂ ਦੀ ਪ੍ਰੀਖਿਆਵਾਂ ਕਦੋਂ ਤੋਂ ਸ਼ੁਰੂ ਹੋਣਗੀਆਂ।”
ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਕੂਲ-ਕਾਲਜ ਲੰਬੇ ਸਮੇਂ ਤੋਂ ਬੰਦ ਚੱਲ ਰਹੇ ਹਨ । ਆਨਲਾਈਨ ਕਲਾਸਾਂ ਰਾਹੀਂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ । ਇਸ ਵਿਚਾਲੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਕੇਂਦਰ ਸਰਕਾਰ ਆਨਲਾਈਨ ਹੀ ਪ੍ਰੀਖਿਆ ਲੈ ਸਕਦੀ ਹੈ । ਮਾਰਚ ਜਾਂ ਅਪ੍ਰੈਲ ਵਿੱਚ CBSE ਦੀਆਂ ਬੋਰਡ ਪ੍ਰੀਖਿਆਵਾਂ ਆਯੋਜਿਤ ਹੋ ਸਕਦੀਆਂ ਹਨ, ਪਰ ਹੁਣ ਸਿੱਖਿਆ ਮੰਤਰੀ ਦੇ ਟਵੀਟ ਤੋਂ ਬਾਅਦ 31 ਦਸੰਬਰ ਨੂੰ ਤਸਵੀਰ ਸਪੱਸ਼ਟ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਸੀ ਕਿ ਬੋਰਡ ਦੀਆਂ ਪ੍ਰੀਖਿਆਵਾਂ ਫਰਵਰੀ 2021 ਤੱਕ ਨਹੀਂ ਲਈਆਂ ਜਾਣਗੀਆਂ, ਪਰ ਇਨ੍ਹਾਂ ਪ੍ਰੀਖਿਆਵਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ । ਫਿਲਹਾਲ, ਇਹ ਕਿਹਾ ਜਾ ਰਿਹਾ ਹੈ ਕਿ ਪ੍ਰੀਖਿਆਵਾਂ ਆਫਲਾਈਨ ਢੰਗ ਵਿੱਚ ਕਰਵਾਈਆਂ ਜਾਣਗੀਆਂ, ਪਰ ਕੋਵਿਡ ਤੋਂ ਬਚਣ ਲਈ ਸਾਰੀਆਂ ਮਹੱਤਵਪੂਰਣ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ।
ਇਹ ਵੀ ਦੇਖੋ: ਕਿਸਾਨੀ ਸੰਘਰਸ਼ ‘ਚ ਬੱਚਿਆਂ ਸਮੇਤ ਪਹੁੰਚੇ ਸਕੂਲਾਂ ਦੇ ਅਧਿਆਪਕ, ਮੋਦੀ ਨੂੰ ਸੁਣਾਈਆ ਖਰੀਆਂ-ਖਰੀਆਂ