PM Modi inaugurates New Bhaupur-New Khurja: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੂਰਬੀ ਡੇਡੀਕੇਟੇਡ ਫ੍ਰੇਟ ਕੋਰੀਡੋਰਦੇ ‘ਨਿਊ ਭਾਊਪੁਰ-ਨਿਊ ਖੁਰਜਾ ਭਾਗ’ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਰੀ ਝੰਡੀ ਦਿਖਾ ਕੇ ਇਸਦਾ ਉਦਘਾਟਨ ਕੀਤਾ । ਇਸ ਲਾਂਘੇ ਦਾ 351 ਕਿਲੋਮੀਟਰ ਲੰਬਾ ਨਿਊ ਭਾਊਪੁਰ-ਨਿਊ ਖੁਰਜਾ ਭਾਗ ਉੱਤਰ ਪ੍ਰਦੇਸ਼ ਵਿੱਚ ਸਥਿਤ ਹੈ ਅਤੇ ਇਸ ਨੂੰ 5,750 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ । ਇਹ ਭਾਗ ਮੌਜੂਦਾ ਕਾਨਪੁਰ-ਦਿੱਲੀ ਮੁੱਖ ਲਾਈਨ ਤੋਂ ਵੀ ਭੀੜ ਨੂੰ ਵੀ ਘਟਾਏਗਾ ਅਤੇ ਉਸ ਹਿੱਸੇ ਵਿੱਚ ਟ੍ਰੇਨਾਂ ਤੇਜ਼ ਰਫਤਾਰ ਨਾਲ ਚੱਲ ਸਕਣਗੀਆਂ।
ਇਸ ਦੌਰਾਨ ਇੱਕ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਇਹ ਆਜ਼ਾਦੀ ਤੋਂ ਬਾਅਦ ਇਹ ਸਭ ਤੋਂ ਵੱਡਾ ਰੇਲਵੇ ਪ੍ਰਾਜੈਕਟ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤੀ ਰੇਲ ਦੇ ਸ਼ਾਨਦਾਰ ਅਤੀਤ ਨੂੰ 21ਵੀਂ ਸਦੀ ਦੀ ਨਵੀਂ ਪਹਿਚਾਣ ਦੇਣ ਵਾਲਾ ਹੈ। ਭਾਰਤ ਅਤੇ ਭਾਰਤੀ ਰੇਲਵੇ ਦੀ ਸ਼ਕਤੀ ਵਧਾਉਣ ਵਾਲਾ ਹੈ । ਅੱਜ ਅਸੀਂ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੇ ਅਤੇ ਆਧੁਨਿਕ ਰੇਲ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਨੂੰ ਧਰਤੀ ‘ਤੇ ਆਉਂਦੇ ਦੇਖ ਰਹੇ ਹਾਂ। ਪ੍ਰਧਾਨਮੰਤਰੀ ਨੇ ਕਿਹਾ ਕਿ ਪ੍ਰਯਾਗਰਾਜ ਵਿਚਲਾ ਆਪ੍ਰੇਸ਼ਨ ਕੰਟਰੋਲ ਸੈਂਟਰ ਵੀ ਨਵੇਂ ਭਾਰਤ ਦੀ ਨਵੀਂ ਸ਼ਕਤੀ ਦਾ ਪ੍ਰਤੀਕ ਹੈ । ਇਹ ਵਿਸ਼ਵ ਵਿੱਚ ਸਭ ਤੋਂ ਵਧੀਆ ਅਤੇ ਆਧੁਨਿਕ ਕੰਟਰੋਲ ਕੇਂਦਰਾਂ ਵਿੱਚੋਂ ਇੱਕ ਹੈ। ਇਸ ਵਿੱਚ ਪ੍ਰਬੰਧਨ ਅਤੇ ਡੇਟਾ ਨਾਲ ਜੁੜੀ ਜੋ ਤਕਨੀਕ ਹੈ ਉਹ ਭਾਰਤ ਵਿੱਚ ਹੀ ਤਿਆਰ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਫ੍ਰੇਟ ਕੋਰੀਡੋਰ ਭਾਰਤ ਨੂੰ ਸਵੈ-ਨਿਰਭਰ ਬਣਾਉਣ ਵਿੱਚ ਵੱਡੀ ਭੂਮਿਕਾ ਅਦਾ ਕਰਨਗੇ । ਉਹ ਚਾਹੇ ਵਪਾਰੀ ਹੋਣ, ਕਿਸਾਨ ਹੋਣ ਜਾਂ ਖਪਤਕਾਰ ਹੋਣ ਹਰੇਕ ਨੂੰ ਉਨ੍ਹਾਂ ਤੋਂ ਲਾਭ ਹੋਵੇਗਾ। ਪੀਐਮ ਮੋਦੀ ਨੇ ਕਿਹਾ ਕਿ ਜੇ ਰਾਜਨੀਤਿਕ ਪਾਰਟੀਆਂ ਨੇ ਮੁਕਾਬਲਾ ਕਰਨਾ ਹੈ ਤਾਂ ਬੁਨਿਆਦੀ ਢਾਂਚੇ ਦੀ ਗੁਣਵੱਤਾ, ਗਤੀ ਅਤੇ ਪੈਮਾਨੇ ‘ਤੇ ਵਿਚਾਰ-ਵਟਾਂਦਰੇ ਕੀਤੇ ਜਾਣੇ ਚਾਹੀਦੇ ਹਨ । ਬਹੁਤ ਸਾਰੇ ਅੰਦੋਲਨ ਅਤੇ ਪ੍ਰਦਰਸ਼ਨਾਂ ਵਿੱਚ ਦੇਸ਼ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ।
ਦੱਸ ਦੇਈਏ ਕਿ ਪੂਰਬੀ ਈਡੀਐਫਸੀ (1856 ਰੂਟ ਕਿਲੋਮੀਟਰ) ਲੁਧਿਆਣਾ ਦੇ ਕੋਲ ਸਾਹਨੇਵਾਲ ਤੋਂ ਸ਼ੁਰੂ ਹੁੰਦਾ ਹੈ ਅਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਰਾਜਾਂ ਤੋਂ ਹੁੰਦੇ ਹੋਏ ਪੱਛਮੀ ਬੰਗਾਲ ਦੇ ਦਨਕੁਨੀ ਵਿੱਚ ਖਤਮ ਹੁੰਦਾ ਹੈ। ਇਸ ਦਾ ਨਿਰਮਾਣ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (DFCCIL) ਵੱਲੋਂ ਕੀਤਾ ਜਾ ਰਿਹਾ ਹੈ।