7 new companies created by corporate houses : ਚੰਡੀਗੜ੍ਹ : ਪੰਜਾਬ ਵਿੱਚ ਅੰਬਾਨੀਆਂ ਤੇ ਅਡਾਨੀਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਨਾਲ ਦੇਸ਼ ਦੇ ਅੰਨਦਾਤਾ ਕਿਸਾਨ ਇਨ੍ਹਾਂ ਕਾਰਪੋਰੇਟ ਘਰਾਨਿਆਂ ਦੇ ਰਹਿਮ ‘ਤੇ ਆ ਜਾਣਗੇ। ਨਵੇਂ ਕਾਨੂੰਨਾਂ ਕਾਰਨ ਭਾਵੇਂ ਹੁਣ ਅਡਾਨੀ ਗਰੁੱਪ ਸਾਹਮਣੇ ਆਇਆ ਹੋਵੇ ਪਰ ਇਸ ਗਰੁੱਪ ਨੇ ਤਿੰਨ ਸਾਲ ਪਹਿਲਾਂ ਹੀ ਪੰਜਾਬ ਵਿੱਚ ਆਪਣਾ ਪਸਾਰਾ ਵਧਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਹ ਭੇਦ ਹੁਣ ਖੁੱਲ੍ਹਣ ਲੱਗੇ ਹਨ। ਅਡਾਨੀ ਗਰੁੱਪ ਵੱਲੋਂ ਪੰਜਾਬ ਵਿੱਚ ਦੋ ਹੋਰ ਸੋਲਰ ਪ੍ਰਾਜੈਕਟ ਖਰੀਦੇ ਗਏ ਹਨ, ਜਿਸ ਨਾਲ ਪੰਜਾਬ ਸਰਕਾਰ ਨੂੰ ਅਡਾਨੀ ਗਰੁੱਪ ਤੋਂ ਮਹਿੰਗੀ ਬਿਜਲੀ ਖਰੀਦਣੀ ਪੈ ਸਕਦੀ। ਅਡਾਨੀ ਗਰੁੱਪ ਨੇ ਪੰਜਾਬ ਵਿਚ ਸੱਤ ਕੰਪਨੀਆਂ ਬਣਾ ਲਈਆਂ ਸਨ। ਛੇ ਕੰਪਨੀਆਂ ਜਨਵਰੀ 2017 ਵਿਚ ਬਣਾਈਆਂ ਗਈਆਂ ਸਨ, ਜਿਨ੍ਹਾਂ ’ਚ ਅਡਾਨੀ ਐਗਰੀ ਲੌਜਿਸਟਿਕ ਬਰਨਾਲਾ, ਅਡਾਨੀ ਐਗਰੀ ਲੌਜਿਸਟਿਕ ਬਠਿੰਡਾ, ਅਡਾਨੀ ਐਗਰੀ ਲੌਜਿਸਟਿਕ ਰਾਮਾਂ, ਅਡਾਨੀ ਐਗਰੀ ਲੌਜਿਸਟਿਕ ਮਾਨਸਾ, ਅਡਾਨੀ ਐਗਰੀ ਲੌਜਿਸਟਿਕ ਨਕੋਦਰ ਅਤੇ ਅਡਾਨੀ ਐਗਰੀ ਲੌਜਿਸਟਿਕ ਮੋਗਾ ਸ਼ਾਮਲ ਹਨ। ਇਸੇ ਤਰ੍ਹਾਂ 25 ਜਨਵਰੀ 2019 ਨੂੰ ਅਡਾਨੀ ਐਗਰੀ ਲੌਜਿਸਟਿਕ ਕੋਟਕਪੂਰਾ ਵੀ ਬਣਾਈ ਗਈ। ਭਵਿੱਖ ਵਿਚ ਖੇਤੀ ਕਾਰੋਬਾਰ ਲਈ ਅਡਾਨੀ ਗਰੁੱਪ ਵਲੋਂ ਤਿਆਰੀ ਕੀਤੀ ਗਈ ਹੈ। ਇਨ੍ਹਾਂ ਸਾਰੀਆਂ ਕੰਪਨੀਆਂ ਦਾ ਪਤਾ ਅਡਾਨੀ ਹਾਊਸ, ਅਹਿਮਦਾਬਾਦ (ਗੁਜਰਾਤ) ਹੈ।
ਮਿਲੀ ਜਾਣਕਾਰੀ ਮੁਤਾਬਕ ਅਡਾਨੀ ਗਰੁੱਪ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਪਿੰਡ ਲਖਮੀਰ ਵਾਲਾ ਅਤੇ ਪਿੰਡ ਬਰ੍ਹੇ ‘ਚ ਦੋ ਸੋਲਰ ਪ੍ਰਾਜੈਕਟ ਖਰੀਦੇ ਗਏ ਹਨ, ਜਿਨ੍ਹਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਬਰ੍ਹੇ ’ਚ ‘ਐਸਲ ਰੀਨਿਊਏਬਲ ਐਨਰਜੀ ਲਿਮਟਿਡ’ ਵੱਲੋਂ ਸੋਲਰ ਪ੍ਰੋਜੈਕਟ ਲਾਇਆ ਗਿਆ ਅਤੇ ਇਸ ਕੰਪਨੀ ਨੇ 30 ਦਸੰਬਰ 2013 ਨੂੰ 25 ਸਾਲਾਂ ਲਈ 8.65 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪਾਵਰਕਾਮ ਨੂੰ ਬਿਜਲੀ ਦੇਣ ਦਾ ਸਮਝੌਤਾ ਕੀਤਾ। ਪਿੰਡ ਲਖਵੀਰ ਵਾਲਾ ਵਿਚ ‘ਐੱਸਲ ਕਲੀਨ ਐਨਰਜੀ ਲਿਮਟਿਡ’ ਦੇ ਸੋਲਰ ਪ੍ਰੋਜੈਕਟ ਤੋਂ ਪਾਵਰਕੌਮ ਨੂੰ 8.70 ਰੁਪਏ ਪ੍ਰਤੀ ਯੂਨਿਟ ਬਿਜਲੀ ਪਾਵਰਕੌਮ ਨੂੰ ਮਿਲ ਰਹੀ ਹੈ ਅਤੇ ਇਹ ਸਮਝੌਤਾ ਵੀ 25 ਸਾਲਾਂ ਲਈ 30 ਦਸੰਬਰ 2013 ਨੂੰ ਕੀਤਾ ਗਿਆ। ਇਨ੍ਹਾਂ ਦੋਵਾਂ ਸੋਲਰ ਪ੍ਰਾਜੈਕਟਾਂ ਨੂੰ ਅਡਾਨੀ ਗਰੁੱਪ ਵੱਲੋਂ ਖਰੀਦ ਲਿਆ ਗਿਆ ਹੈ।
ਇਸੇ ਤਰ੍ਹਾਂ ਅਡਾਨੀ ਗਰੁੱਪ ਦੀ ‘ਪ੍ਰਾਰਥਨਾ ਡਿਵੈਲਪਰ ਲਿਮਟਿਡ’ ਵੱਲੋਂ ਬਠਿੰਡਾ ਦੇ ਪਿੰਡ ਚੁੱਘੇ ਕਲਾਂ ਵਿਚ 100 ਮੈਗਾਵਾਟ ਦਾ ਸੋਲਰ ਪ੍ਰੋਜੈਕਟ ਲਾਇਆ ਗਿਆ, ਜਿਸ ਦਾ ਉਦਘਾਟਨ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 8 ਨਵੰਬਰ 2016 ਨੂੰ ਕੀਤਾ ਸੀ। ਅਡਾਨੀ ਵੱਲੋਂ ਪਾਵਰਕੌਮ ਨੂੰ 50 ਮੈਗਾਵਾਟ ਬਿਜਲੀ 5.95 ਰੁਪਏ ਪ੍ਰਤੀ ਯੂਨਿਟ ਅਤੇ ਬਾਕੀ 50 ਮੈਗਾਵਾਟ ਬਿਜਲੀ 5.80 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪਾਵਰਕੌਮ ਨੂੰ 25 ਸਾਲਾਂ ਲਈ ਦੇਣੀ ਹੈ। ਇੱਕੋ ਕੰਪਲੈਕਸ ਵਿਚ ਲੱਗੇ ਸੋਲਰ ਪ੍ਰਾਜੈਕਟ ਦੀ ਬਿਜਲੀ ਦੇ ਦੋ ਰੇਟ ਦਿੱਤੇ ਗਏ ਹਨ। ਇਹ ਪ੍ਰੋਜੈਕਟ 641 ਏਕੜ ਵਿਚ ਲੱਗਿਆ ਹੋਇਆ ਹੈ। ਅਡਾਨੀ ਗਰੁੱਪ ਦਾ ਮੋਗਾ ਵਿਚ ਸਾਇਲੋ ਪਲਾਂਟ ਹੈ, ਜੋ ਸਾਲ 2007 ਵਿਚ ਚਾਲੂ ਹੋਇਆ ਸੀ। ਭਾਰਤੀ ਖੁਰਾਕ ਨਿਗਮ ਵੱਲੋਂ 20 ਸਾਲ ਲਈ ਅਨਾਜ ਭੰਡਾਰਨ ਵਾਸਤੇ ਸਮਝੌਤਾ ਅਡਾਨੀ ਗਰੁੱਪ ਨਾਲ ਕੀਤਾ ਹੋਇਆ ਹੈ। ਇਸੇ ਤਰ੍ਹਾਂ ਕਿਲ੍ਹਾ ਰਾਏਪੁਰ ਵਿਚ ਅਡਾਨੀ ਗਰੁੱਪ ਦਾ ਲੌਜਿਸਟਿਕ ਪਾਰਕ ਹੈ। ਕੋਟਕਪੂਰਾ ਵਿਚ ਵੀ ਅਡਾਨੀ ਗਰੁੱਪ ਵੱਲੋਂ ਸਾਇਲੋ ਸਥਾਪਤ ਕੀਤਾ ਜਾਣਾ ਹੈ। ਪਰ ਹੁਣ ਕਿਸਾਨ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਬਾਨੀਆਂ ਤੇ ਅਡਾਨੀਆਂ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਟਾਵਰਾਂ ਨੂੰ ਨੁਕਸਾਨ ਪਹੁੰਚਾਏ ਜਾ ਰਹੇ ਹਨ ਅਤੇ ਪੈਟਰੋਲ ਪੰਪ ਆਦਿ ਬੰਦ ਕਰਵਾਏ ਜਾ ਰਹੇ ਹਨ, ਜਿਸ ਨਾਲ ਹੁਣ ਉਹ ਪੰਜਾਬ ਵਿੱਚ ਆਪਣੇ ਪਸਾਰਾ ਵਧਾਉਣ ਤੋਂ ਪਿੱਛੇ ਹੱਟ ਸਕਦਾ ਹੈ। ਦੱਸ ਦੇਈਏ ਕਿ ਕਿਸਾਨਾਂ ਵੱਲੋਂ ਜੀਓ ਤੇ ਰਿਲਾਇੰਸ ਦੇ 1500 ਤੋਂ ਵੱਧ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ ਅਤੇ ਰਿਲਾਇੰਸ ਦੇ ਪੈਟਰੋਲ ਪੰਪਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।